ਮੁਹਾਲੀ, 30 ਜੁਲਾਈ : ਅੰਤਰਰਾਸ਼ਟਰੀ ਡਰੱਗ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਪੀ.ਐਮ.ਐਲ.ਏ. ਦੀ ਵਿਸ਼ੇਸ਼ ਅਦਾਲਤ ਨੇ ਸਾਰੇ 17 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਕਿੰਗਪਿਨ ਜਗਦੀਸ਼ ਸਿੰਘ ਭੋਲਾ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹੋਰ ਦੋਸ਼ੀਆਂ ਨੂੰ 3 ਸਾਲ ਤੋਂ ਲੈਕੇ 10 ਸਾਲ ਤੱਕ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਭੋਲਾ ਜਗਦੀਸ਼ ਸਿੰਘ ਉਰਫ਼ ਭੋਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜੋ ਕਿ ਨਸ਼ੇ ਦੇ ਕਾਰੋਬਾਰ ਦਾ ਮੁੱਖ ਸਰਗਣਾ ਸੀ। ਉਹ ਪੰਜਾਬ ਪੁਲਿਸ ਵਿਚ ਇਕ ਸਾਬਕਾ ਡੀ.ਐਸ.ਪੀ. ਸੀ ਤੇ ਨਸ਼ਾ ਤਸਕਰ ਬਣ ਗਿਆ। ਇਸ ਮੌਕੇ ਈਡੀ ਦੇ ਅਧਿਕਾਰੀ ਵੀ ਮੌਜੂਦ ਸਨ।
ਫੈਸਲਾ ਅਨੁਸਾਰ ਜਗਦੀਸ਼ ਭੋਲਾ, ਮਨਪ੍ਰੀਤ, ਸੁਖਰਾਜ, ਸੁਖਜੀਤ ਸੁੱਖਾ, ਮਨਿੰਦਰ, ਦਵਿੰਦਰ ਸਿੰਘ ਹੈਪੀ, ਅਵਤਾਰ ਸਿੰਘ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਜਗਦੀਸ਼ ਭੋਲਾ ਦੀ ਪਤਨੀ ਗੁਰਪ੍ਰੀਤ ਕੌਰ, ਅਵਤਾਰ ਪਤਨੀ ਸੰਦੀਪ ਕੌਰ, ਜਗਮਿੰਦਰ ਕੌਰ ਔਲਖ, ਗੁਰਮੀਤ ਕੌਰ, ਅਰਮਜੀਤ ਸਿੰਘ ਅਤੇ ਭੋਲਾ ਦੇ ਸਹੁਰੇ ਦਲੀਪ ਮਾਨ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਗੁਰਪ੍ਰੀਤ ਸਿੰਘ, ਸੁਭਾਸ਼ ਬਜਾਜ ਅਤੇ ਅੰਕੁਰ ਬਜਾਜ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਕੁੱਲ 23 ਮੁਲਜ਼ਮ ਸਨ। ਇਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਚੁੱਕੀ ਹੈ। ਭੋਲਾ ਦਾ ਪਿਤਾ ਬਲਸ਼ਿੰਦਰ ਵੀ ਇਸ ਕੇਸ ਵਿੱਚ ਮੁਲਜ਼ਮ ਸੀ, ਹਾਲਾਂਕਿ ਉਸ ਦੀ ਮੌਤ ਹੋ ਚੁੱਕੀ ਹੈ।