ਪਟਿਆਲਾ : 27 ਸਾਲਾਂ ਤੋਂ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਐਲਾਨ ਮੁਤਾਬਿਕ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਜੇਲ ਪ੍ਰਸ਼ਾਸਨ ਵੱਲੋਂ ਦਿੱਤੀ ਜਾਂਦੀ ਸਵੇਰ ਦੀ ਰੋਟੀ ਨਹੀਂ ਫੜੀ। ਉਹ ਮੰਗ ਕਰ ਰਹੇ ਹਨ ਕਿ 12 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਸਬੰਧੀ ਰਾਸ਼ਟਰਪਤੀ ਕੋਲ ਦਾਇਰ ਕੀਤੀ ਗਈ ਰਹਿਮ ਦੀ ਅਪੀਲ ‘ਤੇ ਆਧਾਰਤ ਪਟੀਸ਼ਨ ਵਾਪਸ ਕਰਵਾਈ ਜਾਵੇ।
ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਭੈਣ ਕਮਲਦੀਪ ਕੌਰ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਪਣੀ ਪਟੀਸ਼ਨ ਵਾਪਸ ਨਹੀਂ ਲੈਂਦੇ, ਉਦੋਂ ਤੱਕ ਉਹ ਭੁੱਖ ਹੜਤਾਲ ’ਤੇ ਬੈਠੇ ਰਹਿਣਗੇ। ਰਾਜੋਆਣਾ ਨੇ ਸਿੱਖ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ‘ਤੇ ਵੀ ਸਵਾਲ ਉਠਾਏ ਹਨ।
ਉਨ੍ਹਾਂ ਕਿਹਾ ਹੈ ਕਿ ਮੈਂ 28 ਸਾਲਾਂ ਤੋਂ ਆਪਣੀ ਲੜਾਈ ਲੜ ਰਿਹਾ ਹਾਂ ਪਰ ਪਿਛਲੇ 12 ਸਾਲਾਂ ਤੋਂ ਮੇਰੀ ਅਪੀਲ ‘ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੇ ਜਾ ਰਹੇ ਮਾਰਚ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਫਾਂਸੀ ਅਤੇ ਉਮਰ ਕੈਦ ਦਾ ਕੇਸ ਚੱਲ ਰਿਹਾ ਹੈ।