ਬਰਨਾਲਾ : ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਬਰਨਾਲਾ ‘ਚ 427 ਬਜ਼ੁਰਗ (85 ਸਾਲ ਤੋਂ ਵੱਧ ਉਮਰ ਦੇ) ਅਤੇ 172 ਦਿਵਿਆਂਗ (40 ਫ਼ੀਸਦੀ ਤੋਂ ਅਪੰਗਤਾ ਵਾਲੇ) ਵੋਟਰਾਂ ਨੂੰ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਨਿਰਪੱਖ ਅਤੇ ਸ਼ਾਂਤਮਈ ਚੋਣ ਅਮਲ ਨੂੰ ਯਕੀਨੀ ਬਣਾਉਂਦਿਆਂ ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪ੍ਰਾਪਤੀ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਇਸ ਵਾਰ ਚੋਣ ਕਮਿਸ਼ਨ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਉਪਰੋਕਤ ਦੋਵੇਂ ਵਰਗ ਦੇ ਵੋਟਰਾਂ ਦੀਆਂ ਵੋਟਾਂ ਉਨ੍ਹਾਂ ਦੇ ਘਰ ਜਾ ਕੇ ਪਵਾਈਆਂ ਜਾਣ।
ਵਧੇਰੀ ਜਾਣਕਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਰਨਾਲਾ ਵਿਧਾਨ ਸਭਾ ਖੇਤਰ ‘ਚ ਕੁਲ 204 ਵੋਟਰ ਹਨ ਜਿਨ੍ਹਾਂ ਦੀ ਉਮਰ 85 ਸਾਲਾਂ ਤੋਂ ਵੱਧ ਹੈ। ਇਸੇ ਤਰ੍ਹਾਂ ਮਹਿਲ ਕਲਾਂ ਖੇਤਰ ‘ਚ 75 ਅਤੇ ਭਦੌੜ ਵਿਧਾਨ ਸਭਾ ਖੇਤਰ ‘ਚ 148 ਵੋਟਰ ਹਨ। ਇਨ੍ਹਾਂ ਵੋਟਰਾਂ ਦੀਆਂ ਵੋਟਾਂ ਵਿਸ਼ੇਸ਼ ਟੀਮਾਂ ਭੇਜ ਕੇ 29 ਮਈ ਤੋਂ 31 ਮਈ ਵਿਚਕਾਰ ਪਵਾਈਆਂ ਜਾਣਗੀਆਂ।
ਨਾਲ ਹੀ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 40 ਫ਼ੀਸਦੀ ਅਪੰਗਤਾ ਤੋਂ ਵੱਧ ਵਾਲੇ ਦਿਵਿਆਂਗਜਨਾਂ ਲਈ ਵੀ ਘਰ ਜਾ ਕੇ ਵੋਟ ਪਵਾਉਣ ਦੀ ਵਿਸ਼ੇਸ਼ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਤਹਿਤ 172 ਦਿਵਿਆਂਗ ਵੋਟਰ ਆਪਣੀ ਵੋਟ ਪਾਉਣਗੇ। ਬਰਨਾਲਾ ਵਿਧਾਨ ਸਭਾ ਖੇਤਰ ‘ਚ 69 , ਮਹਿਲ ਕਲਾਂ ਵਿਧਾਨ ਖੇਤਰ ‘ਚ 22 ਅਤੇ ਭਦੌੜ ਵਿਧਾਨ ਸਭਾ ਖੇਤਰ ‘ਚ ਕੁਲ 81 ਦਿਵਿਆਂਗ ਵੋਟਰਾਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਸਾਰੇ ਵੋਟਰਾਂ ਦੀਆਂ ਵੋਟਾਂ ਪਵਾਉਣ ਲਈ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ‘ਚ ਕੁਲ 83 ਵੋਟਰਾਂ ਨੇ ਪੋਸਟਲ ਬੈਲਟ ਦੀ ਸਹੂਲਤ ਲਈ ਫਾਰਮ 12 ਭਰ ਕੇ ਚੋਣ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਹਨ ਅਤੇ ਨਾਲ ਹੀ ਫਾਰਮ 12 ਡੀ ਉਨ੍ਹਾਂ ਵੋਟਰਾਂ ਵੱਲੋਂ ਦਿੱਤੇ ਗਏ ਹਨ ਜਿਹੜੇ ਚੋਣ ਵਾਲੇ ਦਿਨ ਆਪਣੇ ਹਲਕੇ ਤੋਂ ਬਾਹਰ ਤਾਇਨਾਤ ਹੋਣਗੇ। ਇਨ੍ਹਾਂ ਵੋਟਰਾਂ ਨੂੰ ਪੋਸਟਲ ਬੈਲਟ ਦੀ ਸਹੂਲਤ ਮਿਲੇਗੀ ਜਿਸ ਲਈ ਇਨ੍ਹਾਂ ਦੀਆਂ ਵੋਟਾਂ 29 ਮਈ ਤੋਂ 31 ਮਈ ਤੱਕ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਸਥਾਪਿਤ ਕੀਤੇ ਗਏ ਫਸਿਲਿਟੇਸ਼ਨ ਕੇਂਦਰਾਂ ਵਿਖੇ ਵੋਟਾਂ ਪਵਾਈਆਂ ਜਾਣਗੀਆਂ। 83 ਪੋਸਟਲ ਬੈਲਟ ਵੋਟਰਾਂ ਚੋਂ 43 ਵੋਟਰ ਬਰਨਾਲਾ ਦੇ, 27 ਵੋਟਰ ਮਹਿਲ ਕਲਾਂ ਦੇ ਅਤੇ 13 ਵੋਟਰ ਭਦੌੜ ਵਿਧਾਨ ਸਭਾ ਹਲਕੇ ਚੋਂ ਹਨ। ਉਨਾਂ ਦੱਸਿਆ ਕਿ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਵਾਲਾ ਵਿਅਕਤੀ ਪੋਲਿੰਗ ਸਟੇਸ਼ਨ ’ਤੇ ਜਾ ਕੇ ਵੋਟ ਨਹੀਂ ਪਾ ਸਕਦਾ।