ਬਠਿੰਡਾ, 2 ਅਕਤੂਬਰ : ਬਠਿੰਡਾ ਵਿੱਚ ਇੱਕ ਟ੍ਰੈਫਿਕ ਮੁਲਾਜ਼ਮ ਦੀ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਾਣਕਾਰੀ ਅਨੁਸਾਰ ਜਦੋਂ ਇਕ ਕੈਂਟਰ ਚਾਲਕ ਫੌਜੀ ਚੌਕ ਤੋਂ ਲੰਘ ਰਿਹਾ ਸੀ ਤਾਂ ਟ੍ਰੈਫਿਕ ਪੁਲਸ ਮੁਲਾਜ਼ਮ ਰਣਜੀਤ ਸਿੰਘ ਨੇ ਉਸ ਨੂੰ ਰੋਕ ਕੇ ਕਾਗਜ਼ਾਤ ਦਿਖਾਉਣ ਲਈ ਕਿਹਾ ਤਾਂ ਇਸ ਦੌਰਾਨ ਕੈਂਟਰ ਚਾਲਕ ਸਾਹੀਕੀ ਵਾਸੀ ਸਹਾਰਨਪੁਰ, ਉੱਤਰ ਪ੍ਰਦੇਸ਼ ਅਤੇ ਟਰੈਫਿਕ ਮੁਲਾਜ਼ਮ ਵਿਚਕਾਰ ਕਿਸੇ ਮੁੱਦੇ ‘ਤੇ ਬਹਿਸ ਹੋ ਗਈ। ਪੁਲੀਸ ਮੁਲਾਜ਼ਮ ਨੇ ਕੈਂਟਰ ਚਾਲਕ ਦਾ ਮੋਬਾਈਲ ਫੋਨ ਚੁੱਕ ਕੇ ਆਪਣੀ ਜੇਬ ਵਿੱਚ ਰੱਖ ਲਿਆ। ਜਦੋਂ ਕੈਂਟਰ ਚਾਲਕ ਨੇ ਪੁਲੀਸ ਮੁਲਾਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਰੈਫਿਕ ਮੁਲਾਜ਼ਮ ਨੇ ਕੈਂਟਰ ਚਾਲਕ ਨੂੰ ਥੱਪੜ ਮਾਰ ਦਿੱਤਾ। ਟਰੈਫਿਕ ਪੁਲੀਸ ਮੁਲਾਜ਼ਮ ਨੇ ਉਸ ਨਾਲ ਕੁੱਟਮਾਰ ਕੀਤੀ। ਪੀੜਤ ਨੇ ਦੱਸਿਆ ਕਿ ਉਸ ਕੋਲ ਸਾਰੇ ਦਸਤਾਵੇਜ਼ ਸਨ। ਜੇਕਰ ਦਸਤਾਵੇਜ਼ ਨਾ ਹੁੰਦੇ ਤਾਂ ਚਲਾਨ ਜਾਰੀ ਹੋਣਾ ਚਾਹੀਦਾ ਸੀ ਪਰ ਟ੍ਰੈਫਿਕ ਮੁਲਾਜ਼ਮ ਨੇ ਮੇਰੀ ਕੁੱਟਮਾਰ ਕੀਤੀ। ਦੂਜੇ ਪਾਸੇ ਟਰੈਫਿਕ ਪੁਲੀਸ ਮੁਲਾਜ਼ਮ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਕੈਂਟਰ ਚਾਲਕ ਗੱਡੀ ਬਿਨਾਂ ਐਂਟਰੀ ਲੈ ਕੇ ਆਇਆ ਸੀ ਅਤੇ ਜਦੋਂ ਉਸ ਕੋਲੋਂ ਕਾਗਜ਼ਾਤ ਮੰਗੇ ਗਏ ਤਾਂ ਉਹ ਫੋਟੋ ਕਾਪੀਆਂ ਦਿਖਾ ਕੇ ਦੁਰਵਿਵਹਾਰ ਕਰ ਰਿਹਾ ਸੀ।