ਬਠਿੰਡਾ, 22 ਸਤੰਬਰ : ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿੱਚ ਕਿਸਾਨਾਂ ਦੇ ਮੁਆਵਜ਼ੇ ਨੂੰ ਲੈ ਕੇ ਚੱਲ ਰਹੇ ਧਰਨੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਦੇਰ ਰਾਤ ਪਿੰਡ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ। ਕਿਸਾਨ ਆਗੂ ਸਿੰਗਾਰਾ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਲੇਲੇਵਾਲਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਵਿਛਾਈ ਜਾ ਰਹੀ ਗੈਸ ਪਾਈਪ ਲਾਈਨ ਦੇ ਮੁਆਵਜ਼ੇ ਲਈ ਕਿਸਾਨ ਪਿਛਲੇ ਡੇਢ ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ। ਸੰਘਰਸ਼ ਕਰ ਰਹੇ ਕਿਸਾਨਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ 24 ਲੱਖ ਰੁਪਏ ਪ੍ਰਤੀ ਏਕੜ ਅਤੇ ਫਸਲਾਂ ਅਤੇ ਹੋਰ ਨੁਕਸਾਨ ਦੀ ਸੂਰਤ ਵਿੱਚ ਵੱਖਰਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਪਰ ਇਹ ਐਲਾਨ ਸਿਰਫ਼ ਐਲਾਨ ਹੀ ਰਹਿ ਗਿਆ, ਜਿਸ ਕਾਰਨ ਉਹ ਸੰਘਰਸ਼ ਕਰ ਰਹੇ ਹਨ। ਦੇਰ ਰਾਤ ਪਿੰਡ ਲੇਲੇਵਾਲਾ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰਨ ਅਤੇ ਜਬਰੀ ਗੈਸ ਪਾਈਪ ਲਾਈਨ ਵਿਛਾਉਣ ਦੀ ਯੋਜਨਾ ਬਣਾਈ ਜਾ ਰਹੀ ਸੀ। ਜ਼ਿਲ੍ਹਾ ਪੱਧਰ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਪਿੰਡ ਲੇਲੇਵਾਲ ਪੁੱਜਣ ਦਾ ਐਲਾਨ ਕੀਤਾ। ਜੇਕਰ ਸਰਕਾਰ ਨੇ ਕਿਸੇ ਵੀ ਤਰ੍ਹਾਂ ਗੈਸ ਪਾਈਪ ਲਾਈਨ ਵਿਛਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸ ਦਾ ਸਖ਼ਤ ਵਿਰੋਧ ਕਰਨਗੇ। ਜਦੋਂ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ, ਉਹ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ। ਕਿਸਾਨ ਵੱਡੀ ਗਿਣਤੀ ਵਿੱਚ ਪਿੰਡ ਲੇਲੇਵਾਲਾ ਵੱਲ ਵਧ ਰਹੇ ਹਨ।