Friday, November 22, 2024
spot_img

ਫਿਲਮ ’ਐਮਰਜੰਸੀ’ ਸਿੱਖ ਭਾਈਚਾਰੇ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼: ਅਕਾਲੀ ਦਲ

Must read

ਲੁਧਿਆਣਾ, 20 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਫਿਲਮ ’ਐਮਰਜੰਸੀ’ ਸਿੱਖ ਭਾਈਚਾਰੇ ਅਤੇ ਪੰਜਾਬ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਹੈ ਅਤੇ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਫਿਲਮ ਨਿਰਮਾਤਾ ਉਸ ਵੇਲੇ ਦੀ ਸਹੀ ਤਸਵੀਰ ਪੇਸ਼ ਕਰਨਾ ਚਾਹੁੰਦੇ ਤਾਂ ਉਸ ਵਿਚ ਅਕਾਲੀ ਦਲ ਦੇ 19 ਮਹੀਨਿਆਂ ਦੇ ਸੰਘਰਸ਼ ਦੀ ਕਹਾਣੀ ਵੀ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਫਿਲਮ ਦੇ ‘ਟਰੇਲਰ’ ਵਿਚ ਨਿਰਮਾਤਾਵਾਂ ਨੇ ਸੰਤ ਜਰਨੈਲ ਸਿੰਘ ਨੂੰ ਇਕ ਅਤਿਵਾਦੀ ਵਜੋਂ ਪੇਸ਼ ਕੀਤਾ ਹੈ ਜਦੋਂ ਕਿ ਇਤਿਹਾਸਕ ਤੱਥ ਕੁਝ ਹੋਰ ਹਨ ਕਿਉਂਕਿ ਜਦੋਂ 1975 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੰਸੀ ਲਾਗੂ ਕੀਤੀ ਸੀ ਤਾਂ ਉਸ ਵੇਲੇ ਉਹ ਟਕਸਾਲ ਦੇ ਨਿਮਾਣੇ ਜਿਹੇ ਸੇਵਾਦਾਰ ਸਨ।

ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਤਿਹਾਸਕ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ਇਕ ਗੰਭੀਰ ਮੁੱਦਾ ਹੈ ਅਤੇ ਅਜਿਹਾ ਜਾਪਦਾ ਹੈ ਕਿ ਪੰਜਾਬ ਖਾਸ ਤੌਰ ’ਤੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 19 ਮਹੀਨਿਆਂ ਤੱਕ ਐਮਰਜੰਸੀ ਦੇ ਖਿਲਾਫ ਸੰਘਰਸ਼ ਕੀਤਾ ਤੇ ਰੋਜ਼ਾਨਾ ਇਕ ਜੱਥਾ ਗ੍ਰਿਫਤਾਰੀਆਂ ਦੇਣ ਵਾਸਤੇ ਜਾਂਦਾ ਸੀ। ਉਹਨਾਂ ਕਿਹਾ ਕਿ ਉਸ ਵੇਲੇ ਖੂਨ ਦਾ ਇਕ ਕਤਰਾ ਵੀ ਨਹੀਂ ਡੁੱਲਾ ਪਰ ਫਿਲਮ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਐਮਰਜੰਸੀ ਵੇਲੇ ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ ਜੋ ਕਿ ਝੂਠ ਅਤੇ ਗਲਤ ਹੈ।

ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਫਿਲਮ ਨਿਰਮਾਤਾ ਜੋ ਵੀ ਐਮਰਜੰਸੀ ਵੇਲੇ ਹੋਇਆ, ਉਸਨੂੰ ਪੇਸ਼ ਕਰਨ ਲਈ ਸੰਜੀਦਾ ਹਨ ਤਾਂ ਫਿਰ ਉਹਨਾਂ ਨੂੰ ਅਕਾਲੀ ਦਲ ਦੇ 19 ਮਹੀਨਿਆਂ ਦੇ ਸੰਘਰਸ਼ ਨੂੰ ਇਸ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਇੰਦਰਾ ਗਾਂਧੀ ਨੇ ਐਮਰਜੰਸੀ ਦਾ ਵਿਰੋਧ ਕਰਨ ਵੇਲੇ ਜਿਹਨਾਂ ਨੂੰ ਜੇਲ੍ਹ ਵਿਚ ਸੁੱਟਿਆਂ, ਉਹਨਾਂ ਦਾ ਸਾਰਾ ਸੱਚ ਦੱਸਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਫਿਲਮ ਬਣਾਉਣ ਵੇਲੇ ਸਿਰਜੇ ਜਾ ਰਹੇ ਝੂਠੇ ਬਿਰਤਾਂਤ ਦਾ ਜ਼ੋਰਦਾਰ ਵਿਰੋਧ ਕਰੇਗਾ ਤਾਂ ਜੋ ਭਵਿੱਖੀ ਪੀੜੀਆਂ ਨੂੰ ਗੁੰਮਰਾਹ ਨਾ ਕੀਤਾ ਜਾ ਸਕੇ।

ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਸੈਂਸਰ ਬੋਰਡ ਨੂੰ ਵੀ ਆਖੇਗਾ ਕਿ ਇਤਿਹਾਸਕ ਤੌਰ ’ਤੇ ਗਲਤ ਤੱਥਾਂ ਦੇ ਆਧਾਰ ’ਤੇ ਫਿਲਮ ਨੂੰ ਪ੍ਰਵਾਨਗੀ ਨਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸੱਚਾਈ ਲੋਕਾਂ ਸਾਹਮਣੇ ਪੇਸ਼ ਕੀਤੀ ਜਾਵੇ ਅਤੇ ਕੰਗਣਾ ਰਣੌਤ ਨੂੰ ਇਹੋ ਕੁਝ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੰਗਣਾ ਰਣੌਤ ਦੀ ਸਪੈਸ਼ਲ ਡਿਊਟੀ ਲਗਾਈ ਗਈ ਹੈ ਕਿ ਸਿੱਖ ਭਾਈਚਾਰੇ ਜੋ ਦੇਸ਼ ਦੀ ਸੁਰੱਖਿਆ ਤੇ ਏਕਤਾ ਲਈ ਡਟਦਾ ਹੈ, ਦਾ ਅਕਸ ਖਰਾਬ ਕੀਤਾ ਜਾਵੇ। ਅਕਾਲੀ ਆਗੂ ਨੇ ਕਿਹਾ ਕਿ ਨਿਆਂਪਾਲਿਕਾ ਨੂੰ ਵੀ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੀ ਕਿਸੇ ਵੀ ਫਿਲਮ ਦੀ ਆਗਿਆ ਨਾ ਦਿੱਤੀ ਜਾਵੇ ਜੋ ਕਿਸੇ ਵੀ ਭਾਈਚਾਰੇ ਅਤੇ ਇਸਦੇ ਧਾਰਮਿਕ ਆਗੂ ਨੂੰ ਅਤਿਵਾਦੀ ਵਜੋਂ ਦਰਸਾਉਂਦੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article