ਦਿ ਸਿਟੀ ਹੈੱਡ ਲਾਈਨਸ
ਲੁਧਿਆਣਾ, 22 ਜਨਵਰੀ: ਥਾਣਾ ਸਦਰ ਪੁਲਿਸ ਨੇ ਪੱਥਰ ਦੇ ਧੰਦੇ ਦੀ ਆੜ ਵਿੱਚ ਅਫੀਮ ਦੀ ਤਸਕਰੀ ਦਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਪਤਨੀ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਨੇ ਆਪਣੀ ਪਤਨੀ ਨੂੰ ਇਸ ਧੰਦੇ ਵਿੱਚ ਸ਼ਾਮਲ ਕਰ ਲਿਆ ਤਾਂ ਜੋ ਕਿਸੇ ਨੂੰ ਉਸ ’ਤੇ ਸ਼ੱਕ ਨਾ ਹੋਵੇ ਅਤੇ ਮੁਲਜ਼ਮ ਔਰਤ ਰਾਜਸਥਾਨ ਬਿਜਲੀ ਵਿਭਾਗ ਵਿੱਚ ਮੁਲਾਜ਼ਮ ਵਜੋਂ ਤਾਇਨਾਤ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਗਰੁੱਪ ਬਣਾਇਆ ਹੋਇਆ ਸੀ ਅਤੇ ਗਾਹਕਾਂ ਦੀ ਮੰਗ ਅਨੁਸਾਰ ਅਫੀਮ ਦੀ ਖੇਪ ਪਹੁੰਚਾਉਣ ਲਈ ਜਾਂਦੇ ਸਨ। ਲੁਧਿਆਣਾ ਦੇ ਕਿਸੇ ਵਿਅਕਤੀ ਨੇ ਮੁਲਜ਼ਮ ਤੋਂ ਅਫੀਮ ਮੰਗਵਾਈ ਸੀ। ਜਿਸ ਤੋਂ ਬਾਅਦ ਉਹ ਮੇਨ ਪੱਖੋਵਾਲ ਰੋਡ, ਸੂਆ ਰੋਡ ‘ਤੇ ਬੈਠਾ ਉਸਦਾ ਇੰਤਜ਼ਾਰ ਕਰ ਰਿਹਾ ਸੀ। ਪੁਲੀਸ ਨੂੰ ਦੇਖ ਕੇ ਦੋਵੇਂ ਮੁਲਜ਼ਮ ਉਥੋਂ ਫ਼ਰਾਰ ਹੋ ਗਏ ਅਤੇ ਸ਼ੱਕ ਦੇ ਆਧਾਰ ’ਤੇ ਦੋਵਾਂ ਨੂੰ ਕਾਬੂ ਕਰ ਲਿਆ ਗਿਆ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਕਿਲੋ ਅਫੀਮ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲੀਸ ਨੇ ਬਾਬੂ ਲਾਲ ਡਾਗੀ ਅਤੇ ਉਸ ਦੀ ਪਤਨੀ ਨਿਰਮਲਾ ਡਾਗੀ ਵਾਸੀ ਘਾਸਾ ਪਿੰਡ ਉਦੈਪੁਰ ਰਾਜਸਥਾਨ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਦੋਵਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।
ਜਾਂਚ ਅਧਿਕਾਰੀ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਇਲਾਕੇ ‘ਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਦੋਵੇਂ ਮੁਲਜ਼ਮ ਸੜਕ ਦੇ ਕਿਨਾਰੇ ਬੈਠੇ ਸਨ ਜਦੋਂ ਉਨ੍ਹਾਂ ਨੇ ਪੁਲੀਸ ਪਾਰਟੀ ਨੂੰ ਦੇਖਿਆ ਅਤੇ ਉਥੋਂ ਫ਼ਰਾਰ ਹੋ ਗਏ। ਪੁਲੀਸ ਨੇ ਦੋਵਾਂ ਨੂੰ ਕਾਬੂ ਕਰਕੇ, ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਕਿੱਲੋ ਅਫ਼ੀਮ ਬਰਾਮਦ ਹੋਈ।
ਪੁਲਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਬਾਬੂ ਲਾਲ ਦਾ ਉਦੈਪੁਰ ‘ਚ ਪੱਥਰ ਦਾ ਕਾਰੋਬਾਰ ਸੀ ਅਤੇ ਉਸ ਨੇ ਦੋਸ਼ੀ ਔਰਤ ਨਾਲ ਦੂਸਰਾ ਵਿਆਹ ਕੀਤਾ ਸੀ। ਮੁਲਜ਼ਮ ਔਰਤ ਰਾਜਸਥਾਨ ਬਿਜਲੀ ਵਿਭਾਗ ਵਿੱਚ ਮੁਲਾਜ਼ਮ ਹੈ। ਹੋਰ ਪੈਸੇ ਕਮਾਉਣ ਲਈ ਦੋਵਾਂ ਨੇ ਨਸ਼ਾ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ। ਉਸ ਨੇ ਸੋਸ਼ਲ ਮੀਡੀਆ ‘ਤੇ ਇਕ ਗਰੁੱਪ ਬਣਾਇਆ ਹੋਇਆ ਸੀ। ਜਿਸ ਵਿੱਚ ਉਹ ਗ੍ਰਾਹਕ ਉਸ ਨੂੰ ਜਿੰਨੀ ਵੀ ਮਾਤਰਾ ਵਿੱਚ ਨਸ਼ੇ ਦਾ ਆਰਡਰ ਦਿੰਦਾ ਸੀ, ਸਪਲਾਈ ਕਰਨ ਲਈ ਜਾਂਦੇ ਸਨ। ਉਹ ਪਹਿਲਾਂ ਵੀ ਲੁਧਿਆਣਾ ਦੇ ਨਾਲ-ਨਾਲ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਨਸ਼ਾ ਸਪਲਾਈ ਕਰ ਚੁੱਕਾ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਪਹਿਲਾਂ ਵੀ ਕਿੰਨੇ ਲੋਕਾਂ ਨੂੰ ਨਸ਼ਾ ਸਪਲਾਈ ਕਰ ਚੁੱਕੇ ਹਨ ਅਤੇ ਕਿਨ੍ਹਾਂ ਨੂੰ ਨਸ਼ਾ ਦਿੰਦੇ ਹਨ।