ਕਿਸਾਨ ਅੰਦੋਲਨ ਦਾ ਅੱਜ 9ਵਾਂ ਦਿਨ ਹੈ। ਹਰਿਆਣਾ ਪੁਲਿਸ ਵਲੋਂ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਦਾਗ਼ੇ ਗਏ ਹਨ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਜ਼ਰੂਰਤ ਮੁਤਾਬਕ ਜਲਦ ਤੋਂ ਜਲਦ ਮੈਡੀਕਲ ਸਹੂਲਤ ਦੇਣ ਲਈ ਸ਼ੰਭੂ ਸਰਹੱਦ ‘ਤੇ ਐਂਬੂਲੈਂਸਾਂ ਤਾਇਨਾਤ ਕੀਤੀਆਂ ਹਨ। ਕਿਸਾਨ ਅੰਦੋਲਨ ਨੂੰ ਵੇਖਦਿਆਂ ਸਰਕਾਰੀ ਹਸਪਤਾਲ ਅਲਰਟ ‘ਤੇ ਰੱਖੇ ਗਏ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਤਿਆਰ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਨੇ ਫਿਰ ਕਿਸਾਨਾਂ ਨਾਲ ਗੱਲਬਾਤ ਦਾ ਸੱਦਾ ਭੇਜਿਆ ਹੈ। ਜੇਕਰ ਕਿਸਾਨ ਗੱਲਬਾਤ ਲਈ ਰਾਜ਼ੀ ਹੋ ਜਾਂਦੇ ਹਨ ਤਾਂ ਇਹ ਪੰਜਵੀਂ ਮੀਟਿੰਗ ਹੋਵੇਗੀ। ਹੁਣ ਤੱਕ ਦੀਆਂ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ। ਅੱਜ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਨੇ ਟਵੀਟ ਕਰ ਕਿਹਾ ਕਿ ‘ਚੌਥੇ ਗੇੜ ਤੋਂ ਬਾਅਦ ਸਰਕਾਰ ਪੰਜਵੇਂ ਗੇੜ ਵਿੱਚ ਐਮਐਸਪੀ ਦੀ ਮੰਗ, ਫਸਲੀ ਵਿਭਿੰਨਤਾ, ਪਰਾਲੀ ਦਾ ਮੁੱਦਾ, FIR ਵਰਗੇ ਸਾਰੇ ਮੁੱਦਿਆਂ ‘ਤੇ ਚਰਚਾ ਕਰਨ ਲਈ ਤਿਆਰ ਹੈ। ਮੈਂ ਕਿਸਾਨ ਆਗੂਆਂ ਨੂੰ ਮੁੜ ਵਿਚਾਰ ਵਟਾਂਦਰੇ ਲਈ ਸੱਦਾ ਦਿੰਦਾ ਹਾਂ। ਸਾਡੇ ਲਈ ਸ਼ਾਂਤੀ ਬਣਾਈ ਰੱਖਣਾ ਜ਼ਰੂਰੀ ਹੈ।’
ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਅਸੀਂ ਅੱਗੇ ਵਧਾਂਗੇ ਅਤੇ ਪੂਰੀ ਦੁਨੀਆ ਸਾਨੂੰ ਸ਼ਾਂਤੀ ਨਾਲ ਅੱਗੇ ਵਧਦੇ ਹੋਏ ਦੇਖੇਗੀ। ਪੰਧੇਰ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਕੋਈ ਵੀ ਕਿਸਾਨ ਜਾਂ ਨੌਜਵਾਨ ਅੱਗੇ ਨਹੀਂ ਜਾਵੇਗਾ। ਸਿਰਫ਼ ਲੀਡਰ ਹੀ ਸ਼ਾਂਤੀ ਨਾਲ ਅੱਗੇ ਵੱਧਣਗੇ। ਅੱਜ ਵੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦਿੱਲੀ ਤੋਂ ਵੱਡਾ ਫੈਸਲਾ ਲੈਣ। ਜੇਕਰ MSP ‘ਤੇ ਗਾਰੰਟੀ ਕਾਨੂੰਨ ਬਣਾਇਆ ਜਾਵੇ ਤਾਂ ਇਹ ਅੰਦੋਲਨ ਖ਼ਤਮ ਹੋ ਸਕਦਾ ਹੈ।