ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਅਸਮਾਨ ਤੋਂ ਅੱਗ ਵਹਿ ਰਹੀ ਹੈ। ਅਪ੍ਰੈਲ ਮਹੀਨੇ ਦੌਰਾਨ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਰਾਹਤ ਦੀ ਖ਼ਬਰ ਹੈ ਕਿ ਅੱਜ ਤੋਂ ਮੌਸਮ ਵਿੱਚ ਬਦਲਾਅ ਆਵੇਗਾ। ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਅੱਜ ਵੀਰਵਾਰ ਤੋਂ ਮੌਸਮ ਵਿੱਚ ਬਦਲਾਅ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਮਨੁਸਾਰ ਛੇ ਦਿਨਾਂ ਲਈ ਅਲਰਟ ਜਾਰੀ ਕੀਤਾ ਹੈ ਜਿਸ ਤਹਿਤ ਪੰਜਾਬ ਵਿੱਚ ਕਈ ਥਾਵਾਂ ‘ਤੇ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ 50 ਤੋਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਕਾਰਨ ਤਾਪਮਾਨ ਵਿੱਚ 2 ਤੋਂ 4 ਡਿਗਰੀ ਦੀ ਕਮੀ ਦਰਜ ਕੀਤੀ ਜਾ ਸਕਦੀ ਹੈ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ।
ਬੁੱਧਵਾਰ ਨੂੰ ਪੰਜਾਬ ਦੇ ਤਾਪਮਾਨ ਵਿੱਚ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਦਾ ਪਾਰਾ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 41.2 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 0.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 3.8 ਡਿਗਰੀ ਵੱਧ ਹੈ। ਰੋਪੜ ਵਿੱਚ ਸਭ ਤੋਂ ਘੱਟ ਤਾਪਮਾਨ 21.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 37.5 ਡਿਗਰੀ, ਲੁਧਿਆਣਾ ਵਿੱਚ 37.2 ਡਿਗਰੀ, ਪਟਿਆਲਾ ਵਿੱਚ 36.4 ਡਿਗਰੀ, ਪਠਾਨਕੋਟ ਵਿੱਚ 37.8 ਡਿਗਰੀ, ਫਾਜ਼ਿਲਕਾ ਵਿੱਚ 40.9 ਡਿਗਰੀ, ਫਿਰੋਜ਼ਪੁਰ ਵਿੱਚ 38.3 ਡਿਗਰੀ ਅਤੇ ਜਲੰਧਰ ਵਿੱਚ 37.1 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 24.6 ਡਿਗਰੀ, ਲੁਧਿਆਣਾ 26.1 ਡਿਗਰੀ, ਪਟਿਆਲਾ 24.2 ਡਿਗਰੀ, ਪਠਾਨਕੋਟ 23.8 ਡਿਗਰੀ, ਬਠਿੰਡਾ 23.6 ਡਿਗਰੀ, ਫਿਰੋਜ਼ਪੁਰ 24.2 ਡਿਗਰੀ ਅਤੇ ਜਲੰਧਰ 23.2 ਡਿਗਰੀ ਦਰਜ ਕੀਤਾ ਗਿਆ।