ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ‘ਚ ਬੁੱਧਵਾਰ ਨੂੰ 63 ਫੀਸਦੀ ਵੋਟਿੰਗ ਦਰਜ ਕੀਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸੀ ਵਰਕਰਾਂ ਦਰਮਿਆਨ ਹੋਈ ਮਾਮੂਲੀ ਝੜਪ ਨੂੰ ਛੱਡ ਕੇ ਜ਼ਿਮਨੀ ਚੋਣ ਸ਼ਾਂਤੀਪੂਰਨ ਰਹੀ। ਸਖ਼ਤ ਸੁਰੱਖਿਆ ਵਿਚਕਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਸਮਾਪਤ ਹੋਈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸ਼ਾਮ 6 ਵਜੇ ਤੱਕ ਉਪ ਚੋਣ ਵਿੱਚ 63 ਫੀਸਦੀ ਵੋਟਿੰਗ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਰੀਆਂ ਪੋਲਿੰਗ ਟੀਮਾਂ ਦੇ ਵਾਪਸ ਆਉਣ ਅਤੇ ਅੰਤਿਮ ਅੰਕੜੇ ਪ੍ਰਾਪਤ ਹੋਣ ਤੋਂ ਬਾਅਦ ਵੀਰਵਾਰ ਸਵੇਰ ਤੱਕ ਸਹੀ ਅੰਕੜੇ ਅਪਡੇਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਗਿੱਦੜਬਾਹਾ ਸੀਟ ‘ਤੇ ਸਭ ਤੋਂ ਵੱਧ 81 ਫੀਸਦੀ, ਡੇਰਾ ਬਾਬਾ ਨਾਨਕ ‘ਚ 63 ਫੀਸਦੀ, ਬਰਨਾਲਾ ‘ਚ 54 ਫੀਸਦੀ ਅਤੇ ਚੱਬੇਵਾਲ ‘ਚ 53 ਫੀਸਦੀ ਵੋਟਿੰਗ ਹੋਈ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਰਿਟਰਨਿੰਗ ਅਫ਼ਸਰਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਪੋਲਿੰਗ ਅਫ਼ਸਰਾਂ, ਵਲੰਟੀਅਰਾਂ ਅਤੇ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ।