ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪੰਜਵੇਂ ਦਿਨ ਸਦਨ ਵਿੱਚ ਸੂਬੇ ਵਿੱਚ ਅਫੀਮ (ਭੁੱਕੀ) ਦੀ ਖੇਤੀ ਸ਼ੁਰੂ ਕਰਨ ਦੀ ਮੰਗ ਉਠਾਈ ਗਈ। ਇਸ ਦੌਰਾਨ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਸਭ ਤੋਂ ਪਹਿਲਾਂ ਇਹ ਮਾਮਲਾ ਉਠਾਇਆ। ਇਸ ਤੋਂ ਬਾਅਦ ਕਈ ਵਿਧਾਇਕਾਂ ਨੇ ਵੀ ਇਸ ਖੇਤੀ ਨੂੰ ਸ਼ੁਰੂ ਕਰਨ ਦੀ ਵਕਾਲਤ ਕੀਤੀ। ਦੂਜੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਰਕਾਰ ਕੋਲ ਅਜਿਹੀ ਕੋਈ ਯੋਜਨਾ ਨਹੀਂ ਹੈ। ਸਰਕਾਰ ਵੀ ਇਸ ਖੇਤੀ ਨੂੰ ਇੱਕ ਤਰ੍ਹਾਂ ਦਾ ਨਸ਼ਾ ਹੀ ਮੰਨਦੀ ਹੈ।
ਵਿਧਾਇਕ ਪਠਾਨਮਾਜਰਾ ਨੇ ਸਦਨ ਵਿੱਚ ਪੁੱਛਿਆ ਕਿ ਕੀ ਖੇਤੀਬਾੜੀ ਮੰਤਰੀ ਇਹ ਦੱਸਣ ਦੀ ਕਿਰਪਾ ਕਰਨਗੇ ਕਿ ਸਰਕਾਰ ਸਿੰਥੇਟਿਕ ਡਰੱਗ ‘ਤੇ ਸ਼ਿਕੰਜਾ ਕਸਣ ਲਈ ਅਫੀਮ ਦੀ ਖੇਤੀ ਸ਼ੁਰੂ ਕਰਨ ਦਾ ਵਿਚਾਰ ਕਰ ਰਹੀ ਹੈ। ਜੇ ਵਿਚਾਰ ਕਰ ਰਹੀ ਹੈ ਤਾਂ ਕਦੋਂ ਤੱਕ ਸ਼ੁਰੂ ਹੋ ਸਕਦੀ ਹੈ। ਜਿਵੇਂ ਹੀ ਇਹ ਸਵਾਲ ਵਿਧਾਇਕ ਨੇ ਪੁੱਛਿਆ ਤਾਂ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਵਾਹ ਜੀ ਵਾਹ ਤੇ ਹੱਸ ਪਏ। ਇਸ ਤੋਂ ਬਾਅਦ ਸਦਨ ‘ਚ ਠਹਾਕੇ ਲੱਗਣ ਲੱਗੇ। ਸਪੀਕਰ ਨੇ ਇਸ ਸਬੰਧੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਜਵਾਬ ਮੰਗਿਆ।
ਜਿਵੇਂ ਹੀ ਮੰਤਰੀ ਨੇ ਜਵਾਬ ਦੇਣਾ ਸ਼ੁਰੂ ਕੀਤਾ ਤਾਂ ਸਪੀਕਰ ਸਾਹਿਬ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕਿਹਾ ਕਿ ਮੈਨੂੰ ਦੱਸੋ ਕਿ ਪਹਿਲਾਂ ਪੰਜਾਬ ਵਿੱਚ ਵੀ ਅਫੀਮ ਦੇ ਠੇਕੇ ਸਨ, ਇਹ ਬੰਦ ਕਿਉਂ ਕੀਤੇ ਗਏ। ਫਿਰ ਮੰਤਰੀ ਨੇ ਕਿਹਾ ਕਿ ਇਕ ਮੈਂਬਰ ਦੇ ਸਵਾਲ ਨੇ ਸਾਰਿਆਂ ਦੇ ਚਿਹਰੇ ‘ਤੇ ਖੁਸ਼ੀ ਲਿਆ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਵੀ ਉਸ ਉਮਰ ਵੱਲ ਵਧ ਰਿਹਾ ਹਾਂ ਜਿੱਥੇ ਇਸ ਦੀ ਲੋੜ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਵਾਲਾਂ ਮੁਤਾਬਕ ਸਰਕਾਰ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ।