ਪੰਜਾਬ ਯੂਨੀਵਰਸਿਟੀ ਨੇ ਆਪਣੀਆਂ ਵਿੱਤੀ ਸਮੱਸਿਆਵਾਂ ਨਾਲ ਨਜਿੱਠਣ ਲਈ ਇੱਕ ਵਾਰ ਫਿਰ ਪ੍ਰੀਖਿਆ ਫੀਸਾਂ ਵਿੱਚ ਵਾਧਾ ਕੀਤਾ ਹੈ, ਜਿਸ ਕਾਰਨ ਵਿਦਿਆਰਥੀਆਂ ਵਿੱਚ ਅਸੰਤੋਸ਼ ਹੈ। PU ਵਿੱਚ ਵੱਖ-ਵੱਖ UG ਅਤੇ PG ਕੋਰਸਾਂ ਲਈ ਪ੍ਰੀਖਿਆ ਫੀਸਾਂ ਪੰਜਾਬ ਅਤੇ ਹਰਿਆਣਾ ਦੀਆਂ ਹੋਰ ਸਰਕਾਰੀ ਯੂਨੀਵਰਸਿਟੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹਨ। ਇਸ ਕਾਰਨ ਵਿਦਿਆਰਥੀ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੈਨੇਜਮੈਂਟ ਤੋਂ ਫੀਸਾਂ ਵਿੱਚ ਵਾਧਾ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਫੀਸਾਂ ਦੇ ਵਾਧੇ ਖ਼ਿਲਾਫ਼ ਆਵਾਜ਼ ਉਠਾਈ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਫੀਸਾਂ ਵਿੱਚ ਕੀਤੇ ਵਾਧੇ ਕਾਰਨ ਸਿੱਖਿਆ ਹਾਸਲ ਕਰਨੀ ਔਖੀ ਹੋ ਗਈ ਹੈ।
ਕਈ ਵਿਦਿਆਰਥੀ ਸੰਗਠਨ ਵਧੀਆਂ ਫੀਸਾਂ ਦੇ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਵਿਦਿਆਰਥੀਆਂ ਨੇ ਕਈ ਵਾਰ ਮੰਗ ਪੱਤਰ ਦੇ ਕੇ ਫੀਸਾਂ ਵਿੱਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਸੀ ਪਰ ਮੈਨੇਜਮੈਂਟ ਇਸ ਪਾਸੇ ਕੋਈ ਠੋਸ ਕਦਮ ਨਹੀਂ ਚੁੱਕ ਸਕੀ।ਪੀਯੂ ਵਿੱਚ ਪ੍ਰੈਕਟੀਕਲ ਵਿਸ਼ਿਆਂ ਵਾਲੇ ਪੋਸਟ ਗ੍ਰੈਜੂਏਸ਼ਨ ਕੋਰਸ ਦੀ ਪ੍ਰੀਖਿਆ ਫੀਸ 3,210 ਰੁਪਏ ਹੈ, ਜਦੋਂ ਕਿ ਪ੍ਰੈਕਟੀਕਲ ਤੋਂ ਬਿਨਾਂ ਪੀਜੀ ਕੋਰਸ ਦੀ ਫੀਸ ਵੀ 3,210 ਰੁਪਏ ਹੈ, ਜੋ ਕਿ ਹੋਰ ਯੂਨੀਵਰਸਿਟੀਆਂ ਨਾਲੋਂ ਬਹੁਤ ਜ਼ਿਆਦਾ ਹੈ।
ਪੀਯੂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ ਇਹ ਕਦਮ ਚੁੱਕਣਾ ਲਾਜ਼ਮੀ ਹੋ ਗਿਆ ਹੈ। ਹਰ ਸਾਲ ਪੀਯੂ ਦੀਆਂ ਫੀਸਾਂ ਵਿੱਚ 5% ਦਾ ਵਾਧਾ ਕੀਤਾ ਜਾਂਦਾ ਹੈ। ਯੂਨੀਵਰਸਿਟੀ ਮੈਨੇਜਮੈਂਟ ਦਾ ਤਰਕ ਹੈ ਕਿ ਸਰਕਾਰ ਤੋਂ ਪੀਯੂ ਨੂੰ ਮਿਲਣ ਵਾਲੀਆਂ ਗ੍ਰਾਂਟਾਂ ਵਿੱਚ ਉਮੀਦ ਮੁਤਾਬਕ ਵਾਧਾ ਨਹੀਂ ਹੋ ਰਿਹਾ, ਜਦਕਿ ਖਰਚੇ ਲਗਾਤਾਰ ਵਧ ਰਹੇ ਹਨ।