ਸੋਸ਼ਲ ਮੀਡੀਆ ’ਤੇ ਦਿੱਤਾ ਸੀ ਚੈਲੰਜ, ਕਿਹਾ ਸੀ ਆਪਣੀ ਤਾਕਤ ਦਿਖਾਵਾਂਗਾ
ਲੁਧਿਆਣਾ, 20 ਅਗਸਤ : ਪੁਲੀਸ ਨੇ ਬਦਨਾਮ ਗੈਂਗਸਟਰ ਸਾਗਰ ਨਿਊਟਨ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋ ਪੁਲੀਸ ਨੇ ਭਾਰੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਹਨ। ਗੈਂਗਸਟਰ ਯੂਪੀ ਦੇ ਬਿਜਨੌਰ ਵਿੱਚ ਲੁਕਿਆ ਹੋਇਆ ਸੀ। ਉਥੋਂ ਹੀ ਉਹ ਪੁਲੀਸ ਨੂੰ ਗ੍ਰਿਫ਼ਤਾਰੀ ਦੀਆਂ ਧਮਕੀਆਂ ਦੇ ਰਿਹਾ ਸੀ। ਜਦੋਂ ਪੁਲੀਸ ਨੇ ਛਾਪਾ ਮਾਰਿਆ ਤਾਂ ਗੈਂਗਸਟਰ ਸਾਗਰ ਆਪਣੇ ਰਿਸ਼ਤੇਦਾਰ ਦੇ ਘਰ ਛੱਡ ਕੇ ਗੰਨੇ ਦੇ ਖੇਤ ਵਿੱਚ ਲੁਕ ਗਿਆ। ਪੁਲੀਸ ਟੀਮ ਨੇ ਉਸ ਨੂੰ ਘੇਰ ਕੇ ਫੜ ਲਿਆ। ਗੈਂਗਸਟਰ ਖਿਲਾਫ 19 ਤੋਂ ਵੱਧ ਕੇਸ ਦਰਜ ਹਨ। ਦੱਸ ਦੇਈਏ ਕੀ ਕੁਝ ਸਮਾਂ ਪਹਿਲਾਂ ਸਾਗਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਲੁਧਿਆਣਾ ਪੁਲਿਸ ਨੂੰ ਚੁਣੌਤੀ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ।
ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਾਗਰ ਨਿਊਟਨ ਏ ਕੈਟਾਗਰੀ ਦਾ ਗੈਂਗਸਟਰ ਹੈ। ਮਲੇਰਕੋਟਲਾ ਦੇ ਗੈਂਗਸਟਰ ਬੱਗਾ ਖਾਨ ਨੂੰ ਜੇਲ੍ਹ ਵਿੱਚ ਮਿਲਣ ਤੋਂ ਬਾਅਦ ਉਹ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋਇਆ ਸੀ। ਉਹ ਬੱਗਾ ਖਾਨ ਦੇ ਹੁਕਮ ’ਤੇ ਹੀ ਸਾਰੇ ਅਪਰਾਧ ਕਰਦਾ ਹੈ। ਰਿਮਾਂਡ ਦੌਰਾਨ ਸਾਗਰ ਤੋਂ ਪੁੱਛਗਿੱਛ ਕੀਤੀ ਜਾਵੇਗੀ। ਜਿਨ੍ਹਾਂ ਨੇ ਉਸ ਦੇ ਭੱਜਣ ਦੌਰਾਨ ਉਸ ਨੂੰ ਰਹਿਣ ਲਈ ਜਗ੍ਹਾ ਮੁਹੱਈਆ ਕਰਵਾਈ ਸੀ, ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਸਾਗਰ ਨਿਊਟਨ ਨੇ ਪਿਛਲੇ ਇਕ ਮਹੀਨੇ ’ਚ ਦੋ ਵਾਰ ਇੰਟਰਨੈੱਟ ਮੀਡੀਆ ’ਤੇ ਪੁਲੀਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ। ਉਸ ਨੇ ਪੁਲੀਸ ਨੂੰ ਚੁਣੌਤੀ ਦਿੱਤੀ ਸੀ ਕਿ ਜੇਕਰ ਕੋਈ ਉਸ ਦੇ ਦੋਸਤਾਂ ਜਾਂ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਉਹ ਹਥਿਆਰ ਲੈ ਕੇ ਆਵੇਗਾ ਅਤੇ ਅਪਰਾਧ ਕਰੇਗਾ। ਇਸ ਤੋਂ ਬਾਅਦ ਪੁਲੀਸ ਉਸ ਦੇ ਇੰਟਰਨੈੱਟ ਮੀਡੀਆ ਖਾਤਿਆਂ ਦੀ ਜਾਂਚ ਕਰ ਰਹੀ ਸੀ, ਕਿਉਂਕਿ ਸਾਗਰ ਇਨ੍ਹਾਂ ਖਾਤਿਆਂ ’ਤੇ ਸਭ ਤੋਂ ਵੱਧ ਸਰਗਰਮ ਸੀ।
ਸਾਗਰ ਨਿਊਟਨ ਖ਼ਿਲਾਫ਼ ਲੁਧਿਆਣਾ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ 19 ਤੋਂ ਵੱਧ ਕੇਸ ਦਰਜ ਹਨ। ਹਾਲ ਹੀ ’ਚ ਸਾਗਰ ਅਤੇ ਉਸਦੇ ਦੋਸਤਾਂ ’ਤੇ ਦੁਗਰੀ ਇਲਾਕੇ ’ਚ ਇਕ ਘਰ ’ਚ ਦਾਖਲ ਹੋ ਕੇ ਇਕ ਪਰਿਵਾਰ ’ਤੇ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸਾਗਰ ਅਤੇ ਉਸਦੇ ਦੋਸਤਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪਰ ਇਸ ਦੇ ਬਾਵਜੂਦ ਸਾਗਰ ਨੇ ਠੀਕ 15 ਦਿਨਾਂ ਬਾਅਦ ਆਪਣੇ ਸਾਥੀਆਂ ਨੂੰ ਉਸੇ ਘਰ ’ਤੇ ਗੋਲੀ ਚਲਾਉਣ ਲਈ ਭੇਜ ਦਿੱਤਾ।
ਗੈਂਗਸਟਰ ਸਾਗਰ ਨਿਊਟਨ ਦੇ ਸੋਸ਼ਲ ਮੀਡੀਆ ’ਤੇ 10 ਤੋਂ ਵੱਧ ਇੰਸਟਾਗ੍ਰਾਮ ਜਾਂ ਫੇਸਬੁੱਕ ਅਕਾਊਂਟ ਸਨ, ਜਿਨ੍ਹਾਂ ’ਤੇ ਉਹ ਹਥਿਆਰਾਂ ਨਾਲ ਵੀਡੀਓਜ਼ ਅਪਲੋਡ ਕਰਦਾ ਸੀ। ਇਸੇ ਤਰ੍ਹਾਂ ਉਹ ਸੋਸ਼ਲ ਮੀਡੀਆ ’ਤੇ ਧਮਕੀਆਂ ਆਦਿ ਵੀ ਦਿੰਦਾ ਸੀ। ਪੁਲੀਸ ਨੇ ਸਾਗਰ ਦੇ ਸਾਰੇ ਖਾਤੇ ਬੰਦ ਕਰ ਦਿੱਤੇ ਹਨ। ਨਿਊਟਨ ਇੰਸਟਾਗ੍ਰਾਮ ’ਤੇ ਅਕਸਰ ਵੀਡੀਓ ਅਤੇ ਫੋਟੋਆਂ ਅਪਲੋਡ ਕਰਦਾ ਹੈ। ਉਹ ਆਪਣੇ ਅਪਰਾਧਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਪੋਸਟ ਕਰਦਾ ਹੈ ਅਤੇ ਕੀਤੇ ਗਏ ਅਪਰਾਧਾਂ ਦੀ ਜ਼ਿੰਮੇਵਾਰੀ ਲੈਂਦਾ ਹੈ। ਇਸ ਤਰ੍ਹਾਂ ਉਹ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਾਉਂਦਾ ਹੈ। ਵੱਡੀ ਗਿਣਤੀ ’ਚ ਨੌਜਵਾਨ ਵੀ ਉਸ ਦੇ ਖਾਤੇ ਨੂੰ ਫਾਲੋ ਕਰ ਰਹੇ ਹਨ, ਜੋ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਪਰਾਧ ਦੀ ਦੁਨੀਆ ਵੱਲ ਆਕਰਸ਼ਿਤ ਕਰ ਸਕਦੇ ਹਨ।