Saturday, January 18, 2025
spot_img

ਪੰਜਾਬ ਦੇ ਰਾਜਪਾਲ ਵੱਲੋਂ ਨੌਜਵਾਨਾਂ ਨੂੰ ਜ਼ਿੰਦਗੀ ’ਚ ਸਫ਼ਲਤਾ ਹਾਸਲ ਕਰਨ ਦੇ ਨਾਲ-ਨਾਲ ਸੂਬੇ ਅਤੇ ਦੇਸ਼ ਦੀ ਤਰੱਕੀ ’ਚ ਸਾਰਥਕ ਯੋਗਦਾਨ ਪਾਉਣ ਦਾ ਸੱਦਾ

Must read

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਖੇ 20ਵੇਂ ਸਲਾਨਾ ਡਿਗਰੀ ਵੰਡ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਸਫ਼ਲਤਾ ਦੀਆਂ ਬੁਲੰਦੀਆਂ ਹਾਸਲ ਕਰਨ ਦੇ ਨਾਲ-ਨਾਲ ਸੂਬੇ ਅਤੇ ਦੇਸ਼ ਦੀ ਤਰੱਕੀ ਤੇ ਵਿਕਾਸ ਵਿੱਚ ਸਾਰਥਕ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਡਿਗਰੀ ਵੰਡ ਸਮਾਰੋਹ ਵਿਦਿਆਰਥੀ ਜੀਵਨ ਵਿੱਚ ਬੜੀ ਅਹਿਮੀਅਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਇਕ ਪੜਾਅ ਤੋਂ ਦੂਜੇ ਪੜਾਅ ਵਿੱਚ ਤਬਦੀਲੀ ਦਾ ਦਿਨ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਮੌਕੇ ਸਾਰੀ ਉਮਰ ਸਿੱਖਦੇ ਰਹਿਣ ਦਾ ਮਸ਼ਵਰਾ ਦਿੰਦਿਆਂ ਸਮਾਜ ਦੀ ਬਿਹਤਰੀ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ।
ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਵੀ ਮੌਜੂਦ ਸਨ।

ਵਿਦਿਆਰਥੀ ਜੀਵਨ ਵਿੱਚ ‘ਗੁਰੂ’ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਰਾਜਪਾਲ ਨੇ ਕਿਹਾ ਕਿ ਵਿਦਿਆਰਥੀ ਦੀ ਪ੍ਰਤਿਭਾ ਨੂੰ ਨਿਖਾਰਣ ਵਾਲਾ ਅਧਿਆਪਕ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਦੇ ਨਾਲ-ਨਾਲ ਉਨ੍ਹਾਂ ਦੇ ਅਧਿਆਪਕ ਵੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਦੇ ਯੋਗ ਬਣਾਇਆ।

ਰਾਜਪਾਲ ਨੇ ਕਿਹਾ ਕਿ ਅੱਜ ਦਾ ਯੁੱਗ ਤਕਨੀਕੀ ਤਰੱਕੀ, ਨਵੀਨਤਾ ਅਤੇ ਗਲੋਬਲ ਬਦਲਾਅ ਦਾ ਯੁੱਗ ਹੈ, ਅਜਿਹੀ ਸਥਿਤੀ ਵਿੱਚ ਨੌਜਵਾਨਾਂ ਲਈ ਇਹ ਜ਼ਰੂਰੀ ਹੈ ਕਿ ਉਹ ਨਾ ਸਿਰਫ਼ ਆਪਣੇ ਮੌਜੂਦਾ ਹੁਨਰ ਨੂੰ ਅਪਡੇਟ ਕਰਨ ਬਲਕਿ ਭਵਿੱਖ ਦੀਆਂ ਜ਼ਰੂਰਤਾਂ ਅਤੇ ਚੁਣੌਤੀਆਂ ਦੇ ਅਨੁਕੂਲ ਨਵੀਆਂ ਸਮਰੱਥਾਵਾਂ ਨੂੰ ਵੀ ਵਿਕਸਤ ਕਰਨ। ਉਨ੍ਹਾਂ ਤਕਨੀਕੀ ਸਿੱਖਿਆ ਦੇ ਨਾਲ-ਨਾਲ ਕਦਰਾਂ-ਕੀਮਤਾਂ ਦੇ ਗਿਆਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਵੀਂ ਤਕਨੀਕ ਵਿਕਸਿਤ ਕਰਦੇ ਸਮੇਂ ਸਿੱਖਿਆ ਦੀ ਮੂਲ ਭਾਵਨਾ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਸਿਰਫ਼ ਨੌਜਵਾਨਾਂ ਦਾ ਭਵਿੱਖ ਹੀ ਨਹੀਂ ਬਣਾਉਂਦੀਆਂ ਸਗੋਂ ਸਮਾਜ ਅਤੇ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਦੇ ਨਾਲ-ਨਾਲ ਸਮਾਜ ਦੇ ਚਰਿੱਤਰ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਇਸ ਮੌਕੇ ਮਹਿਲਾ ਸਸ਼ਕਤੀਕਰਨ ਦੀ ਲੋੜ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਸਾਨੂੰ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਹੈ, ਜਿੱਥੇ ਨੌਜਵਾਨ ਮਹਿਲਾਵਾਂ ਆਪਣੇ ਸੁਪਨੇ ਪੂਰਾ ਕਰਨ ਲਈ ਸਸ਼ਕਤ ਮਹਿਸੂਸ ਕਰਨ।

ਡਿਗਰੀ ਵੰਡ ਸਮਾਰੋਹ ਲਈ ਸੰਸਥਾ ਨੂੰ ਮੁਬਾਰਕਬਾਦ ਦਿੰਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਡਾ.ਬੀ.ਆਰ.ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦੀ 20ਵੀਂ ਕਨਵੋਕੇਸ਼ਨ ਮੌਕੇ ਮੁੱਖ ਮਹਿਮਾਨ ਬਣਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਸਮਾਰੋਹ ਦੌਰਾਨ 1293 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਸ਼੍ਰੀ ਕਟਾਰੀਆ ਵੱਲੋਂ ਸੰਸਥਾ ਦੇ ਇਲੈਕਟ੍ਰੀਕਲ ਇੰਜਨੀਅਰਿੰਗ ਬਲਾਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ।

ਸਮਾਗਮ ਦੌਰਾਨ ਭਾਰਤ ਅਰਥ ਮੂਵਰਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਾਂਤਨੂੰ ਰਾਏ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੇਅਰਮੈਨ ਬੋਰਡ ਆਫ ਗਵਰਨਸ ਅਤੇ ਡਾਇਰੈਕਟਰ ਪ੍ਰੋਫੈਸਰ ਬਿਨੋਦ ਕੁਮਾਰ ਕਨੌਜੀਆ ਨੇ ਸੰਸਥਾ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਸੰਸਥਾ ਦੇ ਰਜਿਸਟਰਾਰ ਪ੍ਰੋਫੈਸਰ ਅਜੈ ਬੰਸਲ, ਸੰਸਥਾ ਦਾ ਸਟਾਫ਼, ਵਿਦਿਆਰਥੀ ਆਦਿ ਵੀ ਮੌਜੂਦ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article