ਭਾਰਤ-ਪਾਕਿਸਤਾਨ ਸਰਹੱਦ ‘ਤੇ ਇਕ ਵਾਰ ਫਿਰ ਸੁਰੱਖਿਆ ਬਲਾਂ ਨੇ ਪਾਕਿਸਤਾਨ ਤੋਂ ਆਈ ਇਕ ਵੱਡੀ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਬੀਐੱਸਐੱਫ ਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਵਿਚ ਅੰਮ੍ਰਿਤਸਰ ਜਿਲੇ ਦੇ ਸਾਹੋਵਾਲ ਪਿੰਡ ਕੋਲ ਖੇਤਾਂ ਵਿਚ ਭਾਰੀ ਮਾਤਰਾ ਵਿਚ RDX ਤੇ ਹਥਿਆਰ ਬਰਾਮਦ ਕੀਤੇ ਗਏ ਹਨ।
ਇਹ ਬਰਾਮਦਗੀ ਉਸ ਸਮੇਂ ਹੋਈ ਜਦੋਂ ਕਿਸਾਨ ਆਪਣੇ ਖੇਤਾਂ ਵਿਚ ਕਣਕ ਦੀ ਫਸਲ ਕੱਟ ਰਹੇ ਸਨ। ਉਦੋਂ ਇਕ ਵੱਡਾ ਸ਼ੱਕੀ ਪੈਕੇਟ ਨਜ਼ਰ ਆਇਆ। ਸੂਚਨਾ ਮਿਲੇਦ ਹੀ ਮੌਕੇ ਉਤੇ ਪਹੁੰਚੀ BSF ਤੇ ਪੁਲਿਸ ਟੀਮ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਪੈਕੇਟ ਨੂੰ ਖੋਲ੍ਹਣ ‘ਤੇ ਸੁਰੱਖਿਆ ਬਲਾਂ ਦੇ ਹੋਸ਼ ਉਡ ਗਏ।
ਪੈਕੇਟ ਵਿਚੋਂ 4.5 ਕਿਲੋ RDX, 5 ਹੈਂਡ ਗ੍ਰੇਨੇਡ, 5 ਪਿਸਤੌਲਾਂ, 8 ਮੈਗਜ਼ੀਨ, 220 ਜ਼ਿੰਦਾ ਕਾਰਤੂਸ, 2 ਬੈਟਰੀਆਂ ਤੇ 1 ਰਿਮੋਟ ਕੰਟਰੋਲ ਡਿਵਾਈਸ ਬਰਾਮਦ ਕੀਤਾ ਗਿਆ। ਸਾਰਾ ਵਿਸਫੋਟਕ ਤੇ ਹਥਿਆਰ ਦਾ ਜਖੀਰਾ BSF ਤੇ ਪੰਜਾਬ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ। ਇਹ ਹਥਿਆਰ USA ਤੇ ਇਟਲੀ ਮੇਡ ਦੱਸੇ ਜਾ ਰਹੇ ਹਨ। ਪੂਰੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਵਿਸਫੋਟਕ ਸਮੱਗਰੀ ਪਾਕਿਸਤਾਨ ਤਸਕਰਾਂ ਵੱਲੋਂ ਡ੍ਰੋਨ ਦੀ ਮਦਦ ਨਾਲ ਭਾਰਤੀ ਸਰਹੱਦ ਅੰਦਰ ਸੁੱਟੀ ਗਈ ਹੋ ਸਕਦੀ ਹੈ।