ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਈਆਂ ਸਨ। ਚੋਣਾਂ ਦੌਰਾਨ ਕਈ ਥਾਵਾਂ ‘ਤੇ ਹਿੰਸਾ, ਬੂਥ ਕੈਪਚਰਿੰਗ ਅਤੇ ਹੋਰ ਬੇਨਿਯਮੀਆਂ ਸਾਹਮਣੇ ਆਈਆਂ ਹਨ ਤੇ ਕਈ ਥਾਵਾਂ ‘ਤੇ ਉਮੀਦਵਾਰਾਂ ਦੇ ਬੈਲਟ ਪੇਪਰਾਂ ਉੱਤੇ ਚੋਣ ਨਿਸ਼ਾਨ ਬਦਲੇ ਜਾਣ ਦੇ ਮਾਮਲੇ ਵੀ ਸਾਹਮਣੇ ਆਏ ਹਨ, ਜਿਸ ਕਾਰਨ ਰਾਜ ਚੋਣ ਕਮਿਸ਼ਨ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚੀਆਂ ਸਨ। ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਜ਼ਿਲ੍ਹਿਆਂ ਦੇ ਡੀਸੀ ਤੋਂ ਰਿਪੋਰਟ ਲੈਣ ਤੋਂ ਬਾਅਦ 4 ਜ਼ਿਲ੍ਹਿਆਂ ਦੀਆਂ 8 ਪੰਚਾਇਤਾਂ ਵਿੱਚ ਮੁੜ ਪੰਚਾਇਤੀ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਜਿਨ੍ਹਾਂ ਥਾਵਾਂ ‘ਤੇ ਮੁੜ ਚੋਣਾਂ ਹੋਣੀਆਂ ਹਨ, ਉਨ੍ਹਾਂ ‘ਚ ਮਾਨਸਾ, ਫ਼ਿਰੋਜ਼ਪੁਰ, ਮੋਗਾ ਅਤੇ ਪਟਿਆਲਾ ਜ਼ਿਲ੍ਹਿਆਂ ਦੀਆਂ 8 ਪੰਚਾਇਤਾਂ ਸ਼ਾਮਲ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਮਾਨਸਾ ਦੀ ਮਾਨਸਾ ਖੁਰਦ ਪੰਚਾਇਤ ਵਿੱਚ ਸਰਪੰਚ ਅਤੇ 5 ਅਹੁਦਿਆਂ ਲਈ ਮੁੜ ਚੋਣ ਕਰਵਾਈ ਜਾਵੇਗੀ। ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ ਪਿੰਡ ਲੋਹਕੇ ਖੁਰਦ ਵਿੱਚ ਮੁੜ ਪੰਚਾਇਤੀ ਚੋਣਾਂ ਹੋਣਗੀਆਂ। ਮੋਗਾ ਜ਼ਿਲ੍ਹੇ ਦੀ ਪੰਚਾਇਤ ਕੋਟਲਾ ਮੇਹਰ ਸਿੰਘ ਵਾਲਾ ਦੇ ਪੋਲਿੰਗ ਬੂਥ ਨੰਬਰ 118 ਅਤੇ 119 ‘ਤੇ ਮੁੜ ਵੋਟਿੰਗ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਪਟਿਆਲਾ ਦੇ ਪਿੰਡ ਖੁੱਡਾ ਬਲਾਕ (ਸੰਗਰੂਰ), ਗ੍ਰਾਮ ਪੰਚਾਇਤ ਗਿਰੀ ਰਾਜੂ ਬਲਾਕ ਭੁਨਰਹੇੜੀ ਅਤੇ ਗ੍ਰਾਮ ਪੰਚਾਇਤ ਕਰੀਮ ਨਗਰ ਵਿੱਚ ਮੁੜ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।