5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਕੌਮੀ ਸਿਆਸਤ ਵਿੱਚ ਵੀ ਆਪਣੀ ਸਿਆਸੀ ਸੂਝ ਪੱਕੀ ਕਰ ਲਈ। 1992 ਵਿੱਚ ਬਾਬਰੀ ਢਾਹੇ ਜਾਣ ਤੋਂ ਬਾਅਦ, ਬਾਦਲ ਘੱਟ-ਗਿਣਤੀ ਭਾਈਚਾਰੇ ਵਿੱਚੋਂ ਇੱਕੋ ਇੱਕ ਆਗੂ ਸੀ ਜੋ ਭਾਜਪਾ ਨਾਲ ਡਟਿਆ ਰਿਹਾ। ਸਾਲ 1996 ਤੋਂ 1999 ਦੌਰਾਨ, ਬਾਦਲ ਨੇ ਭਾਜਪਾ ਨੂੰ ਅਛੂਤ ਮੰਨਣ ਵਾਲੀਆਂ ਸਾਰੀਆਂ ਖੇਤਰੀ ਪਾਰਟੀਆਂ ਨੂੰ ਐਨ.ਡੀ.ਏ. ਦੇ ਬੈਨਰ ਹੇਠ ਲਿਆਉਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ।ਪੰਜਾਬ ਵਿੱਚ ਵੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਵਿਰੋਧ ਦੇ ਬਾਵਜੂਦ ਉਸ ਨੇ ਭਾਜਪਾ ਦਾ ਪੱਲਾ ਨਹੀਂ ਛੱਡਿਆ। ਉਂਜ ਪਿਛਲੇ ਦਿਨਾਂ ਵਿੱਚ ਬਾਦਲ ਦੀ ਘਟਦੀ ਸਿਆਸੀ ਸਰਗਰਮੀ ਅਤੇ ਕੇਂਦਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਅਕਾਲੀ ਦਲ ਭਾਜਪਾ ਨਾਲੋਂ ਵੱਖ ਹੋ ਗਿਆ। 1996 ਦੀਆਂ ਲੋਕ ਸਭਾ ਚੋਣਾਂ ਵਿੱਚ, ਭਾਜਪਾ ਦੇਸ਼ ਭਰ ਵਿੱਚ 161 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਉਦੋਂ ਕਾਂਗਰਸ ਨੇ 140 ਸੀਟਾਂ ਜਿੱਤੀਆਂ ਸਨ। ਜਦੋਂ ਪੰਜਾਬ ਦੀਆਂ 13 ਵਿੱਚੋਂ 8 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਤਾਂ ਬਾਦਲ ਆਪਣੇ ਸੰਸਦ ਮੈਂਬਰਾਂ ਨਾਲ ਦਿੱਲੀ ਦੇ ਪੰਜਾਬ ਭਵਨ ਪਹੁੰਚੇ। ਉਨ੍ਹਾਂ ਨੇ ਭਾਜਪਾ ਦੇ ਦਿੱਗਜ ਨੇਤਾ ਅਟਲ ਬਿਹਾਰੀ ਵਾਜਪਾਈ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਅਕਾਲੀ ਦਲ ਉਨ੍ਹਾਂ ਦੇ ਨਾਲ ਹੈ।ਓਮ ਪ੍ਰਕਾਸ਼ ਚੌਟਾਲਾ ਦੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਉਦੋਂ ਹਰਿਆਣਾ ਵਿੱਚ 4 ਸੰਸਦ ਮੈਂਬਰ ਸਨ। ਬਾਦਲ ਦੇ ਇਸ਼ਾਰੇ ‘ਤੇ ਚੌਟਾਲਾ ਨੇ ਵੀ ਵਾਜਪਾਈ ਦਾ ਸਾਥ ਦਿੱਤਾ ਜਦਕਿ ਸ਼ਿਵ ਸੈਨਾ ਪਹਿਲਾਂ ਹੀ ਭਾਜਪਾ ਦੇ ਨਾਲ ਸੀ। ਉਸ ਤੋਂ ਬਾਅਦ ਵਾਜਪਾਈ ਪ੍ਰਧਾਨ ਮੰਤਰੀ ਬਣ ਗਏ ਪਰ ਆਪਣਾ ਬਹੁਮਤ ਸਾਬਤ ਨਹੀਂ ਕਰ ਸਕੇ ਅਤੇ 31 ਮਈ 1996 ਨੂੰ 13 ਦਿਨਾਂ ਵਿੱਚ ਉਨ੍ਹਾਂ ਦੀ ਸਰਕਾਰ ਡਿੱਗ ਗਈ।1 ਜੂਨ 1996 ਨੂੰ, ਵਾਜਪਾਈ ਦੇ ਅਸਤੀਫੇ ਤੋਂ ਅਗਲੇ ਦਿਨ, 24 ਛੋਟੀਆਂ ਖੇਤਰੀ ਪਾਰਟੀਆਂ ਨੇ ਇੱਕ ਸੰਯੁਕਤ ਮੋਰਚਾ ਬਣਾਇਆ ਅਤੇ ਐਚਡੀ ਦੇਵਗੌੜਾ ਨੂੰ ਆਪਣਾ ਨੇਤਾ ਚੁਣਿਆ। ਦੇਵਗੌੜਾ ਕਾਂਗਰਸ ਦੇ ਸਮਰਥਨ ਨਾਲ ਪ੍ਰਧਾਨ ਮੰਤਰੀ ਬਣੇ ਸਨ। ਵਾਜਪਾਈ ਦੀ ਸਰਕਾਰ ਦੇ ਡਿੱਗਣ ਤੋਂ ਬਾਅਦ ਅਕਾਲੀ ਦਲ ਦੇ ਕਈ ਸੰਸਦ ਮੈਂਬਰ ਸਾਂਝੇ ਮੋਰਚੇ ਨਾਲ ਜਾਣ ਦੇ ਹੱਕ ਵਿੱਚ ਸਨ ਪਰ ਬਾਦਲ ਨੇ ਜ਼ੋਰਦਾਰ ਇਨਕਾਰ ਕਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਨੂੰ ਕਾਂਗਰਸ ਦੀ ਹਮਾਇਤ ਮਿਲੀ ਹੈ, ਅਸੀਂ ਉਨ੍ਹਾਂ ਦਾ ਸਮਰਥਨ ਨਹੀਂ ਕਰਾਂਗੇ।ਦੇਵਗੌੜਾ ਅਤੇ ਫਿਰ ਆਈਕੇ ਗੁਜਰਾਲ ਦੀ ਸਰਕਾਰ ਕਾਰਜਕਾਲ ਪੂਰਾ ਨਹੀਂ ਕਰ ਸਕੀ ਅਤੇ 1998 ਵਿੱਚ ਮੱਧਕਾਲੀ ਚੋਣਾਂ ਹੋਈਆਂ। ਅਟਲ-ਅਡਵਾਨੀ-ਜੋਸ਼ੀ ਦੇ ਉਸ ਦੌਰ ਵਿਚ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ.ਏ.) ਬਣੀ ਸੀ। ਉਦੋਂ ਬਾਦਲ ਨੇ ਦੇਸ਼ ਭਰ ਦੀਆਂ 13 ਖੇਤਰੀ ਪਾਰਟੀਆਂ ਨੂੰ ਐਨਡੀਏ ਦੇ ਬੈਨਰ ਹੇਠ ਲਿਆਉਣ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਈ। ਉਸ ਚੋਣ ਵਿਚ ਭਾਜਪਾ 182 ਸੀਟਾਂ ਨਾਲ ਲਗਾਤਾਰ ਦੂਜੀ ਵਾਰ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਅਤੇ ਵਾਜਪਾਈ ਮੁੜ ਪ੍ਰਧਾਨ ਮੰਤਰੀ ਬਣੇ।