Friday, January 24, 2025
spot_img

ਪੰਜਾਬ ਦੀ ਇਹ ਯੂਨੀਵਰਸਿਟੀ ਫਿਰ ਬਣੀ ਦੇਸ਼ ਦੀ ਸਰਵੋਤਮ ਯੂਨੀਵਰਸਿਟੀ, ਜਾਣੋਂ ਕਿਸ ਮਾਮਲੇ ‘ਚ ਮਿਲੀ ਵਧੀਆਂ ਰੈਂਕਿੰਗ

Must read

ਲੁਧਿਆਣਾ, 12 ਅਗਸਤ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੂੰ ਅੱਜ ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਐੱਨ ਆਈ ਆਰ ਐੱਫ -2024 ਰੈਂਕਿੰਗ ਵਿੱਚ ਭਾਰਤ ਦੀਆਂ 75 ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਸਿਖਰ ਦੀ ਰੈਂਕਿੰਗ ਦਿੱਤੀ ਗਈ। ਇਹ ਰੈਂਕਿੰਗ ਹਾਸਲ ਕਰਕੇ ਪੀ ਏ ਯੂ ਨੇ ਇੱਕ ਵਾਰ ਫਿਰ ਆਪਣੀ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ। ਲਗਾਤਾਰ ਦੂਜੇ ਸਾਲ ਹੈ ਪੀਏਯੂ ਨੂੰ ਇਸ ਸਨਮਾਨ ਨਾਲ ਨਿਵਾਜ਼ਿਆ ਗਿਆ ਹੈ। ਖੇਤੀ ਸਹਾਇਕ ਖੇਤਰਾਂ ਦੇ ਅਧਾਰ ਤੇ ਖੇਤੀਬਾੜੀ ਸੰਸਥਾਵਾਂ ਦੇ ਵਰਗ ਦੀ ਰੈਂਕਿੰਗ ਵਿੱਚ ਪੀ ਏ ਯੂ ਤੀਜੇ ਸਥਾਨ ‘ਤੇ ਹੈ। ਪਹਿਲੇ ਸਥਾਨ ਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ, ਅਤੇ ਦੂਜੇ ਸਥਾਨ ਦੀ ਰੈਂਕਿੰਗ ਰਾਸ਼ਟਰੀ ਡੇਅਰੀ ਖੋਜ ਸੰਸਥਾ, ਕਰਨਾਲ ਨੂੰ ਦਿੱਤੀ ਗਈ।
ਪੀਏਯੂ ਦੇ ਵਾਈਸ-ਚਾਂਸਲਰ ਸਤਿਬੀਰ ਸਿੰਘ ਗੋਸਲ ਨੇ ਲਗਾਤਾਰ ਦੂਜੇ ਸਾਲ ਸਿਖਰਲੀ ਖੇਤੀਬਾੜੀ ਯੂਨੀਵਰਸਿਟੀ ਵਜੋਂ ਯੂਨੀਵਰਸਿਟੀ ਦੇ ਚੁਣੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਾਪਤੀ ਪੀਏਯੂ ਦੀ ਖੇਤੀ ਖੋਜ ਅਤੇ ਸਿੱਖਿਆ ਵਿੱਚ ਵਿਸ਼ਵ ਪੱਧਰ ਦੇ ਮਿਆਰ ਦੇ ਦਾਅਵੇ ਨੂੰ ਹੋਰ ਮਜ਼ਬੂਤ ਕਰਦੀ ਹੈ। ਡਾ. ਗੋਸਲ ਨੇ ਇਸ ਸਫਲਤਾ ਦਾ ਸਿਹਰਾ ਫੈਕਲਟੀ ਦੇ ਸਮਰਪਣ, ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਸਟਾਫ਼ ਦੇ ਵਡਮੁੱਲੇ ਯੋਗਦਾਨ ਅਤੇ ਸਾਬਕਾ ਵਿਦਿਆਰਥੀਆਂ ਦੇ ਅਟੁੱਟ ਸਹਿਯੋਗ ਨੂੰ ਦਿੰਦੇ ਹੋਏ ਪੀਏਯੂ ਭਾਈਚਾਰੇ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਸਾਨ ਭਾਈਚਾਰੇ ਅਤੇ ਦੇਸ਼ ਦੋਵਾਂ ਦੀ ਸੇਵਾ ਕਰਨ ਦੀ ਵਚਨਬੱਧਤਾ ਪ੍ਰਗਟ ਕਰਦਿਆਂ ਭਰੋਸਾ ਦਿਵਾਇਆ ਕਿ ਪੀਏਯੂ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਿਸਾਨੀ ਅਤੇ ਮਨੁੱਖੀ ਭਲਾਈ ਲਈ ਯਤਨਸ਼ੀਲ ਰਹੇਗੀ।
ਡਾ. ਮਾਨਵ ਇੰਦਰ ਸਿੰਘ ਗਿੱਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਯੂਨੀਵਰਸਿਟੀ ਵਲੋਂ ਸਰਟੀਫਿਕੇਟ ਅਤੇ ਟਰਾਫੀ ਗ੍ਰਹਿਣ ਕੀਤੀ। ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਮਾਨਤਾ ਸਿਖਰ-ਪੱਧਰੀ ਸਿੱਖਿਆ ਪ੍ਰਦਾਨ ਕਰਨ, ਮੋਹਰੀ ਖੋਜ ਅਤੇ ਮਿਆਰੀ ਪਸਾਰ ਢਾਂਚੇ ਲਈ ਪੀਏਯੂ ਦੇ ਕਾਰਜ ਦੀ ਸਨਦ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਾਪਤੀ ਖੇਤੀਬਾੜੀ ਅਤੇ ਦੇਸ਼ ਦੀ ਤਰੱਕੀ ਵਿੱਚ ਸਾਰਥਕ ਯੋਗਦਾਨ ਪਾਉਣ ਲਈ ਹੌਸਲਾ ਅਤੇ ਹਿੰਮਤ ਪ੍ਰਦਾਨ ਕਰੇਗੀ। ਇਸ ਨਾਲ ਪੀ ਏ ਯੂ ਦੇ ਵਿਗਿਆਨੀ, ਅਮਲਾ ਅਤੇ ਵਿਦਿਆਰਥੀ ਆਪਣੇ ਕਾਰਜ ਪ੍ਰਤੀ ਹੋਰ ਸਮਰਪਣ ਦਾ ਇਜ਼ਹਾਰ ਕਰ ਸਕਣਗੇ।
ਜ਼ਿਕਰਯੋਗ ਹੈ ਕਿ ਐੱਨ ਆਈ ਆਰ ਐੱਫ ਅਧਿਆਪਨ, ਸਿੱਖਿਆ, ਖੋਜ, ਗ੍ਰੈਜੂਏਸ਼ਨ ਦੇ ਨਤੀਜੇ, ਪਸਾਰ ਕਾਰਜਾਂ, ਸਹਿਯੋਗ ਆਦਿ ਵਿਭਿੰਨ ਮਾਪਦੰਡਾਂ ਦੀ ਵਰਤੋਂ ਕਰਦੇ ਹੋਏ ਭਾਰਤ ਦੇ ਉੱਚ ਸਿੱਖਿਆ ਸੰਸਥਾਵਾਂ ਦੀ ਰੈਂਕਿੰਗ ਕਰਨ ਵਾਲੀ ਏਜੰਸੀ ਹੈ। ਇਸ ਰੈਂਕਿੰਗ ਪ੍ਰਬੰਧ ਨੂੰ ਅੱਗੇ ਵੱਖ-ਵੱਖ ਸ਼੍ਰੇਣੀਆਂ ਵਿੱਚ 16 ਤੋਂ 18 ਉਪ-ਵਰਗਾਂ ਵਿੱਚ ਵੰਡਿਆ ਗਿਆ ਹੈ। ਇਸ ਸਾਲ, 10,000 ਤੋਂ ਵੱਧ ਅਰਜ਼ੀਆਂ ਉੱਚ ਸਿੱਖਿਆ ਦੇ ਅਦਾਰਿਆਂ ਵਲੋਂ ਦਿੱਤੀਆਂ ਗਈਆਂ ਸਨ ਜਿਸ ਤੋਂ ਇਸ ਰੈਂਕਿੰਗ ਦੀ ਉੱਚਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹ ਮੁਲਾਂਕਣ ਯਕੀਨੀ ਬਣਾਉਂਦੇ ਹਨ ਕਿ ਪੀਏਯੂ ਵਰਗੇ ਚੋਟੀ ਦੇ ਅਦਾਰੇ ਹੀ ਇਸ ਸਨਮਾਨ ਨੂੰ ਪ੍ਰਾਪਤ ਕਰਦੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article