ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਇਸ ਤੋਂ ਬਾਅਦ ਈਵੀਐਮ ਮਸ਼ੀਨਾਂ ਨੂੰ ਸੀਲ ਕਰਕੇ ਗਿਣਤੀ ਕੇਂਦਰਾਂ ਵਿੱਚ ਲਿਜਾਇਆ ਜਾਵੇਗਾ। ਪੰਜਾਬ ਵਿੱਚ ਕੁੱਲ 2.14 ਕਰੋੜ ਵੋਟਰ ਹਨ। ਇੱਥੇ 1.12 ਕਰੋੜ ਪੁਰਸ਼ ਅਤੇ 1.1 ਕਰੋੜ ਮਹਿਲਾ ਵੋਟਰ ਹਨ।
ਫਰੀਦਕੋਟ ‘ਚ ਤੇਜ਼ ਹਨੇਰੀ ਕਾਰਨ ਪੋਲਿੰਗ ਬੂਥ ਦਾ ਸ਼ੈੱਡ ਉੱਡ ਗਿਆ। ਜਿਸ ਕਾਰਨ ਉਥੇ ਡਿਊਟੀ ਕਰ ਰਹੇ ਮੁਲਾਜ਼ਮ ਵਾਲ-ਵਾਲ ਬਚ ਗਏ।
ਲੁਧਿਆਣਾ, ਗੁਰਦਾਸਪੁਰ ਅਤੇ ਬਠਿੰਡਾ ਵਿੱਚ ਈਵੀਐਮ ਮਸ਼ੀਨਾਂ ਖ਼ਰਾਬ ਹੋਣ ਕਾਰਨ ਵੋਟਾਂ ਪੈਣ ਵਿੱਚ ਦੇਰੀ ਹੋਈ। ਬਠਿੰਡਾ ਵਿੱਚ ਈਵੀਐਮ ਖ਼ਰਾਬੀ ਕਾਰਨ ‘ਆਪ’ ਉਮੀਦਵਾਰ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟ ਪਾਉਣ ਲਈ ਇੰਤਜ਼ਾਰ ਕਰਨਾ ਪਿਆ।
‘ਆਪ’, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰ ਅਤੇ ਆਗੂ ਵੋਟਾਂ ਪਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਰਹੇ ਹਨ। ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਗੁਰਪ੍ਰੀਤ ਕੌਰ ਨਾਲ ਵੋਟ ਪਾਉਂਦੇ ਹੋਏ। ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸੰਧੂ, ਆਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਮਲਵਿੰਦਰ ਕੰਗ, ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੋਹਾਲੀ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਜਲੰਧਰ ਤੋਂ ਵੋਟ ਪਾਈ।
ਵੋਟਿੰਗ ਤੋਂ ਪਹਿਲਾਂ ਹਫੜਾ-ਦਫੜੀ ਮਚ ਗਈ। ਅੰਮ੍ਰਿਤਸਰ ‘ਚ ਸ਼ੁੱਕਰਵਾਰ ਰਾਤ ਨੂੰ ਦੋ ਬਾਈਕ ‘ਤੇ ਆਏ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ‘ਚ ਇਕ ਦੀ ਮੌਤ ਹੋ ਗਈ ਹੈ, ਜਦਕਿ 4 ਜ਼ਖਮੀ ਹਨ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।