ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਅੱਜ ਯਾਨੀ 1 ਜੂਨ ਨੂੰ ਵੋਟਿੰਗ ਸ਼ੁਰੂ ਹੋ ਗਈ ਹੈ। 13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਵੋਟਰ ਹਨ। ਇਸ ਵਿਚ 1.12 ਕਰੋੜ ਪੁਰਸ਼ ਤੇ 1.1 ਕਰੋੜ ਮਹਿਲਾ ਵੋਟਰ ਹਨ। 18 ਤੋਂ 19 ਸਾਲ ਦੇ ਵਿਚ 5.38 ਲੱਖ ਵੋਟਰ ਪਹਿਲੀ ਵਾਰ ਵੋਟਿੰਗ ਕਰਨਗੇ। ਪੰਜਾਬ ਵਿਚ 4 ਪਾਰਟੀਆਂ ਵਿਚ ਮੁਕਾਬਲਾ ਹੈ ਜਿਨ੍ਹਾਂ ਵਿਚ ਸੂਬੇ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੈ। ਪੰਜਾਬ ਵਿਚ ਪਹਿਲੀ ਵਾਰ ਸਾਰੀਆਂ ਪਾਰਟੀਆਂ ਬਿਨਾਂ ਗਠਜੋੜ ਦੇ ਇਕੱਲੇ ਚੋਣ ਲੜ ਰਹੀਆਂ ਹਨ।
ਸੂਬੇ ਵਿਚ 24451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿਚੋਂ 5694 ਸੰਵੇਦਨਸ਼ੀਲ ਹਨ। ਸਾਰੇ ਪੋਲਿੰਗ ਬੂਥਾਂ ‘ਤੇ ਲਾਈਵ ਵੈੱਬਕਾਸਟਿੰਗ ਕੀਤੀ ਜਾਵੇਗੀ। 70,000 ਪੁਲਿਸ ਮੁਲਾਜ਼ਮ, ਹੋਮਗਾਰਡ ਤੇ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਸੁਰੱਖਿਆ ਵਿਚ ਤਾਇਨਾਤ ਕੀਤੇ ਗਏ ਹਨ। 6,000 ਤੋਂ ਵੱਧ ਥਾਵਾਂ ‘ਤੇ ਮਾਈਕ੍ਰੋ ਆਬਜ਼ਰਵਰ ਕੇਵਲ ਪੋਲਿੰਗ ਬੂਥ ‘ਤੇ ਲਗਾਏ ਗਏ ਹਨ ਤਾਂ ਜੋ ਕੋਈ ਗੜਬੜੀ ਨਾ ਹੋਵੇ।
ਸੂਬੇ ਵਿਚ ਕੁੱਲ 328 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ 169 ਆਜ਼ਾਦ ਉਮੀਦਵਾਰ ਹਨ। ਪੰਜਾਬ ਚੋਣ ਕਮਿਸ਼ਨ ਦੀ ਸਭ ਤੋਂ ਵੱਡੀ ਚੁਣੌਤੀ ਵੋਟਿੰਗ ਵਧਾਉਣ ਦੀ ਹੈ ਕਿਉਂਕਿ 2017 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ 65 ਫੀਸਦੀ ਵੋਟਿੰਗ ਹੋਈ ਸੀ ਜੋ ਕਿ ਘੱਟ ਸੀ। ਅਜਿਹੇ ਵਿਚ ਟਾਰਗੈੱਟ 70 ਫੀਸਦੀ ਤੋਂ ਵੱਧ ਰੱਖਿਆ ਗਿਆ ਹੈ। ਵੋਟਿੰਗ ਵਧਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਛਬੀਲ, ਬੈਠਣ ਦੀ ਸੁਵਿਧਾ, ਮੈਡੀਕਲ ਸਹੂਲਤ ਦਾ ਇੰਤਜ਼ਾਮ ਕੀਤਾ ਗਿਆ ਹੈ।