ਪੰਜਾਬ ਦੇ ਜਲੰਧਰ ‘ਚ ਦੋ ਬਦਮਾਸ਼ਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਾਤਲ ਦੋਹਾਂ ਦਾ ਕ੍ਰਾਈਮ ਪਾਟਨਰ ਹੀ ਹੈ। ਇਹ ਤਿੰਨੋਂ ਲੰਮਾ ਪਿੰਡ ਚੌਕ ਨੇੜੇ ਸਥਿਤ ਸ਼ਹੀਦ ਊਧਮ ਸਿੰਘ ਨਗਰ ਵਿੱਚ ਆਪਣੇ ਚੌਥੇ ਸਾਥੀ ਦੇ ਘਰ ਠਹਿਰੇ ਹੋਏ ਸਨ।
ਰਾਤ ਕਰੀਬ 2.30 ਵਜੇ ਤਿੰਨਾਂ ਵਿਚਾਲੇ ਝਗੜਾ ਹੋਇਆ ਅਤੇ ਸਵੇਰੇ ਕਰੀਬ 4 ਵਜੇ ਮੁਲਜ਼ਮ ਨੇ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰ ਦਿੱਤੀ। ਇਸ ਦੇ ਨਾਲ ਹੀ ਉਹ ਮਕਾਨ ਮਾਲਕ ਨੂੰ ਡਰਾ ਕੇ ਉਥੋਂ ਭੱਜ ਗਿਆ। ਘਟਨਾ ਦੇ ਸਮੇਂ ਦੋਵੇਂ ਮ੍ਰਿਤਕ ਗੂੜ੍ਹੀ ਨੀਂਦ ‘ਚ ਸਨ। ਘਟਨਾ ਤੋਂ ਬਾਅਦ ਉਨ੍ਹਾਂ ਦਾ ਚੌਥਾ ਦੋਸਤ ਦੋਵਾਂ ਨੂੰ ਹਸਪਤਾਲ ਲੈ ਗਿਆ।
ਇਸ ਮਗਰੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਅਨੁਸਾਰ ਮਰਨ ਵਾਲਿਆਂ ਵਿੱਚ ਸ਼ਿਵਮ (24) ਵਾਸੀ ਮੋਤਾ ਸਿੰਘ ਨਗਰ ਅਤੇ ਵਿਨੈ ਤਿਵਾੜੀ (22) ਵਾਸੀ ਬਸਤੀ ਸ਼ੇਖ ਸ਼ਾਮਲ ਹਨ।
ਦੋਵਾਂ ਨੌਜਵਾਨਾਂ ਨੂੰ ਗੋਲੀ ਮਾਰਨ ਵਾਲਾ ਮਿੱਠਾਪੁਰ ਦਾ ਰਹਿਣ ਵਾਲਾ ਮੰਨਾ ਹੈ। ਉਸ ਨੇ ਸ਼ਿਵਮ ‘ਤੇ 4 ਗੋਲੀਆਂ ਅਤੇ ਵਿਨੈ ‘ਤੇ 5 ਗੋਲੀਆਂ ਮਾਰੀਆਂ। ਦੋਵਾਂ ਨੌਜਵਾਨਾਂ ਨੂੰ ਉਸੇ ਪਿਸਤੌਲ ਨਾਲ ਗੋਲੀਆਂ ਮਾਰੀਆਂ ਗਈਆਂ, ਜਿਸ ਨੂੰ ਮੁਲਜ਼ਮ ਆਪਣੇ ਨਾਲ ਲੈ ਗਿਆ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਗੋਲੀਆਂ ਦੇ ਕੁਝ ਖੋਲ ਬਰਾਮਦ ਕੀਤੇ ਹਨ।