ਪੰਜਾਬ ‘ਚ ਹੁਣ ਬਾਹਰੀ ਵਾਹਨਾਂ ਦੀ ਐਂਟਰੀ ’ਤੇ ਟੈਕਸ ਲੱਗੇਗਾ। ਹਿਮਾਚਲ ਦੀ ਤਰਜ਼ ‘ਤੇ ਪੰਜਾਬ ਵਿੱਚ ਟੋਲ ਟੈਕਸ ਲਗਾਉਣ ਲਈ ਇੱਕ ਮਹੱਤਵਪੂਰਨ ਪ੍ਰਸਤਾਵ ਪਾਸ ਕੀਤਾ ਗਿਆ ਹੈ। ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਜਦੋਂ ਪੰਜਾਬ ਦੀਆਂ ਗੱਡੀਆਂ ਹਿਮਾਚਲ ਜਾਂਦੀਆਂ ਹਨ ਤਾਂ ਉਨ੍ਹਾਂ ‘ਤੇ ਟੈਕਸ ਲਗਾਇਆ ਜਾਂਦਾ ਹੈ, ਇਸੇ ਤਰਜ ‘ਤੇ ਹਿਮਾਚਲ ਲਤੋਂ ਪੰਜਾਬ ਆਉਣ ਵਾਲੀਆਂ ਗੱਡੀਆਂ ਤੋਂ ਵੀ ਟੈਕਸ ਵਸੂਲਿਆ ਜਾਵੇ। ਨੰਗਲ ਨਗਰ ਕੌਂਸਲ ਦੀ ਇੱਕ ਮਹੱਤਵਪੂਰਨ ਮੀਟਿੰਗ ਨਗਰ ਕੌਂਸਲ ਦੇ ਚੇਅਰਮੈਨ ਸੰਜੇ ਸਾਹਨੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਇਹ ਪ੍ਰਸਤਾਵ ਪਾਸ ਕੀਤਾ ਗਿਆ।
ਮੀਟਿੰਗ ਵਿਚ ਕਿਹਾ ਗਿਆ ਕਿ ਨੰਗਲ ਨਗਰ ਕੌਂਸਲ ਵੀ ਹਿਮਾਚਲ ਦੀ ਤਰਜ਼ ‘ਤੇ ਪੰਜਾਬ ਅਤੇ ਹਿਮਾਚਲ ਦੀ ਸਰਹੱਦ ‘ਤੇ ਟੋਲ ਲਗਾਉਣ ਜਾ ਰਹੀ ਹੈ, ਜਿਸ ਵਿੱਚ ਪੰਜਾਬ ਨੂੰ ਛੱਡ ਕੇ ਦੂਜੇ ਰਾਜਾਂ ਦੇ ਵਾਹਨਾਂ ਤੋਂ ਟੋਲ ਵਸੂਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਮਾਰਗ ਦੇ ਪੰਜ ਕਿਲੋਮੀਟਰ ਦੇ ਅੰਦਰ ਰਹਿਣ ਵਾਲੇ ਲੋਕਾਂ ਤੋਂ ਟੋਲ ਟੈਕਸ ਨਹੀਂ ਵਸੂਲਿਆ ਜਾ ਸਕਦਾ, ਪਰ ਹਿਮਾਚਲ ਸਰਕਾਰ ਹਿਮਾਚਲ ਨੰਬਰਾਂ ਨੂੰ ਛੱਡ ਕੇ ਹਰ ਕਿਸੇ ਤੋਂ ਟੈਕਸ ਵਸੂਲ ਰਹੀ ਹੈ। ਬਕਾਇਦਾ ਟੋਲ ਬੈਰੀਅਰ ਲਗਾਏ ਜਾਂਦੇ ਹਨ। ਨਗਰ ਕੌਂਸਲ ਨੂੰ ਕਰੋੜਾਂ ਦਾ ਫਾਇਦਾ ਹੋਵੇਗਾ ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ।