ਪੰਜਾਬ ਵਿਚ ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਵਿਚ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਕੁਝ ਥਾਵਾਂ ‘ਤੇ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਚਾਰ ਜ਼ਿਲ੍ਹਿਆਂ ਵਿਚ ਜ਼ਿਆਦਾਤਰ ਥਾਵਾਂ ‘ਤੇ ਮੱਧਮ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਹਿਮਾਚਲ ਨਾਲ ਲੱਗਦੇ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਤੇ ਮੋਹਾਲੀ ਸ਼ਾਮਲ ਹਨ। ਅੱਜ ਔਸਤ ਅਧਿਕਤਮ ਤਾਪਮਾਨ ਵਿਚ 1.3 ਡਿਗਰੀ ਦਾ ਵਾਧਾ ਹੋਇਆ ਹੈ। ਹਾਲਾਂਕਿ ਇਹ ਸੂਬੇ ਦੇ ਸਾਧਾਰਨ ਤਾਪਮਾਨ ਤੋ 4.5 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਸਭ ਤੋਂ ਵੱਧ ਤਾਪਮਾਨ ਅਬੋਹਰ ਦਾ ਦਰਜ ਕੀਤਾ ਗਿਆ ਜੋ ਕਿ 35 ਡਿਗਰੀ ਰਿਹਾ,ਦੂਜੇ ਪਾਸੇ ਪਠਾਨਕੋਟ ਵਿਚ 50mm ਤੇ ਲੁਧਿਆਣਾ ਵਿਚ 31mm ਮੀਂਹ ਦਰਜ ਕੀਤਾ ਗਿਆ ਹੈ।
ਕਪੂਰਥਲਾ ਦੇ ਸਬਜ਼ੀ ਮੰਡੀ ਏਰੀਆ ਵਿਚ 100 ਸਾਲ ਪੁਰਾਣੀ ਖਸਤਾ ਹਾਲ ਇਮਾਰਤ ਢਹਿ ਢੇਹੀ ਹੋ ਗਈ। ਹਾਲਾਂਕਿ ਇਸ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਕਲ ਲਗਭਗ 8 ਘੰਟੇ ਲਗਾਤਾਰ ਮੀਂਹ ਪਿਆ। ਦੂਜੇ ਪਾਸੇ ਮੋਗਾ ਵਿਚ ਇਕ ਅੰਡਰ ਪਾਸ ਵਿਚ ਪਾਣੀ ਭਰ ਗਿਆ। ਇਸ ਵਜ੍ਹਾ ਨਾਲ ਕਾਰ ਸਵਾਰ ਪਰਿਵਾਰ ਫਸ ਗਿਆ ਸੀ ਜਿਸ ਨੂੰ ਲੋਕਾਂ ਨੇ ਬਹੁਤ ਮੁਸ਼ਕਲ ਨਾਲ ਕੱਢਿਆ। ਦੂਜੇ ਪਾਸੇ ਹਿਮਾਚਲ ਵਿਚ ਹੜ੍ਹ ਦੀ ਵਜ੍ਹਾ ਨਾਲ ਡੈਮਾਂ ਦਾ ਪਾਣੀ ਦਾ ਪੱਧਰ ਵਧਿਆ ਹੈ। ਅਜਿਹੇ ਵਿਚ ਪ੍ਰਸ਼ਾਸਨ ਅਲਰਟ ਮੋਡ ‘ਤੇ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਪਠਾਨਕੋਟ, ਰੂਪਨਗਰ ਤੇ ਮੋਹਾਲੀ ਜ਼ਿਲ੍ਹਿਆਂ ਵਿਚ ਜ਼ਿਆਦਾਤਰ ਥਾਵਾਂ ‘ਤੇ 75 ਤੋਂ 100 ਫੀਸਦੀ ਮੱਧਮ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 7 ਜ਼ਿਲ੍ਹਿਆਂ ਵਿਚ ਕਈ ਥਾਵਾਂ ‘ਤੇ 50 ਤੋਂ 75 ਫੀਸਦੀ ਹਲਕੀ ਤੋਂ ਮੱਧਮ ਮੀਂਹ ਦੀ ਸਭਾਵਨਾ ਹੈ। ਇਨ੍ਹਾਂ ਥਾਵਾਂ ਵਿਚ ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਜ਼ਿਲ੍ਹੇ ਸ਼ਾਮਲ ਹਨ। ਜਦੋਂ ਕਿ ਅਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਬਰਨਾਲਾ, ਸੰਗਰੂਰ ਤੇ ਮਾਨਸਾ ਵਿਚ ਕੁਝ ਥਾਵਾਂ ‘ਤੇ ਹਲਕਾ ਤੋ ਮੱਧਮ ਮੀਂਹ ਪੈ ਸਕਦਾ ਹੈ।