ਪੰਜਾਬ ਸਰਕਾਰ ਵੱਲੋਂ ਕੈਂਸਰ ਮਰੀਜ਼ਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਸੂਬੇ ਵਿੱਚ ਹੁਣ ਕੈਂਸਰ ਦੇ ਮਰੀਜ਼ਾਂ ਨੂੰ PET ਸਕੈਨ ਲਈ ਹਜ਼ਾਰਾਂ ਰੁਪਏ ਖਰਚ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਸੂਬੇ ਵਿੱਚ PET ਸਕੈਨ ਦੀ ਸੇਵਾ ਮੁਫ਼ਤ ਕੀਤੀ ਜਾਵੇਗੀ। ਇਹ ਐਲਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਪੇਸ਼ਕਦਮੀ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਸੁਧਾਰ ਦਾ ਹਿੱਸਾ ਹੈ।
ਸਿਹਤ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਆਉਣ ਵਾਲੇ 3-4 ਮਹੀਨਿਆਂ ਵਿੱਚ ਪੰਜਾਬ ਵਿੱਚ PET ਸਕੈਨ ਫ੍ਰੀ ਕੀਤਾ ਜਾਵੇਗਾ। ਨਿੱਜੀ ਹਸਪਤਾਲਾਂ ਵਿੱਚ PET ਸਕੈਨ ਦੀ ਲਾਗਤ 18,000 ਰੁਪਏ ਤੋਂ 20,000 ਰੁਪਏ ਤੱਕ ਹੈ ਅਤੇ ਸਰਕਾਰੀ ਹਸਪਤਾਲ ਵਿੱਚ ਵੀ ਇਸ ਸਕੈਨ ਲਈ 10,000 ਰੁਪਏ ਤੋਂ 12,000 ਲੈਂਦੇ ਹਨ। ਪਰ ਹੁਣ ਇਸ ਨੂੰ ਬਿਕੁਲ ਮੁਫ਼ਤ ਕਰ ਦਿੱਤਾ ਗਿਆ ਹੈ।
PET ਸਕੈਨ (ਪੋਜ਼ੀਟਰੋਨ ਐਮੀਸ਼ਨ ਟੋਮੋਗ੍ਰਾਫੀ) ਇੱਕ ਅਤਿ-ਆਧੁਨਿਕ ਇਮੇਜਿੰਗ ਤਕਨੀਕ ਹੈ ਜੋ ਸਰੀਰ ਦੇ ਅੰਦਰੂਨੀ ਟਿਸ਼ੂਆਂ ਅਤੇ ਅੰਗਾਂ ਦੀ ਕਾਰਗੁਜ਼ਾਰੀ ਨੂੰ ਵੇਖਣ ਲਈ ਵਰਤੀ ਜਾਂਦੀ ਹੈ। ਇਹ ਰਵਾਇਤੀ ਸਕੈਨਿੰਗ ਤਕਨੀਕਾਂ ਨਾਲੋਂ ਵੱਖਰੀ ਹੈ ਕਿਉਂਕਿ ਇਹ ਸਿਰਫ ਅੰਗਾਂ ਦੇ ਢਾਂਚੇ ਦੀ ਨਹੀਂ, ਸਗੋਂ ਉਨ੍ਹਾਂ ਦੀ ਕਾਰਵਾਈ ਦੀ ਵੀ ਵਿਸਥਾਰ ਨਾਲ ਜਾਂਚ ਕਰਦੀ ਹੈ। ਖ਼ਾਸ ਕਰਕੇ ਕੈਂਸਰ ਦੀ ਪਹਿਚਾਣ, ਫੈਲਾਅ ਅਤੇ ਇਲਾਜ ਦੀ ਯੋਜਨਾ ਬਣਾਉਣ ਵਿੱਚ ਇਹ ਸਕੈਨ ਬਹੁਤ ਹੀ ਲਾਭਦਾਇਕ ਸਾਬਤ ਹੁੰਦੀ ਹੈ।