ਸੂਬੇ ‘ਚ ਗਰਮੀ ਦੇ ਮੌਸਮ ਨਾਲ ਤਾਪਮਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਸ ਮੌਸਮ ‘ਚ ਗਰਮੀ ਦੀ ਲਹਿਰ ਕਾਰਨ ਲੋਕ ਹੁਣੀ ਬਿਮਾਰ ਹੋਣਾ ਸ਼ੁਰੂ ਹੋ ਗਏ ਹਨ। ਜਿਸ ਨੂੰ ਦੇਖਦਿਆਂ ਪੰਜਾਬ ਦੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਆਮ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਐਡਵਾਇਜ਼ਰੀ ‘ਚ ਲੋਕਾਂ ਨੂੰ ਗਰਮੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਇਸ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣ ਲਈ ਦੱਸੀਆ ਗਿਆ ਹੈ। ਸੰਗਰੂਰ ਦੇ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਵਧੇਰੇ ਤਾਪਮਾਨ ਸਰੀਰ ਦੇ ਤਾਪਮਾਨ ਦੀ ਨਿਯਮ ਪ੍ਰਣਾਲੀ ਨੂੰ ਵਿਗਾੜ ਦਿੰਦਾ ਹੈ ਅਤੇ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਐਡਵਾਇਜ਼ਰੀ ‘ਚ ਉਨ੍ਹਾਂ ਨੇ ਕਿਹਾ ਕਿ ਬਾਹਰ ਕੰਮ ਕਰਨ ਵੇਲੇ ਪੂਰੇ ਸਰੀਰ ਨੂੰ ਢੱਕਣ ਵਾਲੇ ਸੂਤੀ ਅਤੇ ਹਲਕੇ ਰੰਗ ਦੇ ਕੱਪੜੇ ਪਾਓ ਇਸ ਨਾਲ ਸਰੀਰ ਦੇ ਤਾਪਮਾਨ ਦੀ ਨਿਯਮ ਪ੍ਰਣਾਲੀ ਨੂੰ ਕਾਫੀ ਫ਼ਰਕ ਪਏਗਾ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਘਰੋਂ ਨਿਕਲਣ ਸਮੇਂ ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਛੱਤਰੀ, ਟੋਪੀ, ਦਸਤਾਰ ਦੀ ਵਰਤੋੰ ਕਰਕੇ ਇਸ ਨੂੰ ਢੱਕੋ।
ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਮੌਸਮੀ ਫ਼ਲ ਅਤੇ ਸ਼ਬਜ਼ੀਆਂ ਦੀ ਹੀ ਵਰਤੋਂ ਕਰੋ। ਬੇਮੌਸਮੀ ਫ਼ਲ ਸਬਜ਼ੀਆਂ ਖਾਣ ਨਾਲ ਸਿਹਤ ਨੂੰ ਨੁਕਸਾਨ ਹੋਵੇਗਾ ਅਤੇ ਬਿਮਾਰ ਹੋਣ ਚਾਂਸ ਵੱਧਣਗੇ।