ਪੰਜਾਬ ‘ਚ ਅੱਜ ਚਾਰ ਵਿਧਾਨਸਭਾ ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ। ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲਾ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਸਰਕਾਰ ਨੇ ਪੰਜਾਬ ਦੇ ਇਹਨਾਂ ਚਾਰ ਹਲਕਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਸੀ ਇਸ ਦੇ ਚੱਲਦਿਆਂ ਬਰਨਾਲਾ ਦੇ ਵਿੱਚ ਵਕੀਲਾਂ ਦਾ ਛੁੱਟੀ ਨੂੰ ਲੈ ਕੇ ਭਾਰੀ ਰੋਸ ਹੈ।
ਵਕੀਲਾਂ ਦਾ ਕਹਿਣਾ ਹੈ ਕਿ ਅੱਜ ਲੋਕਤੰਤਰ ਦਾ ਬਹੁਤ ਹੀ ਵੱਡਾ ਦਿਨ ਹੈ ਜਿੱਥੇ ਕਿ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪਰ ਹਾਈਕੋਰਟ ਵੱਲੋਂ ਬਰਨਾਲਾ ਕੋਰਟ ਦੇ ਵਿੱਚ ਛੁੱਟੀ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਜਿਸ ਕਾਰਨ ਵਕੀਲ ਅੱਜ ਡਿਊਟੀ ‘ਤੇ ਤੈਨਾਤ ਹਨ।
ਵਕੀਲ ਹਰਿੰਦਰਪਾਲ ਸਿੰਘ ਨੇ ਕਿਹਾ ਕਿ ਲੋਕਾਂ ਦੇ ਵਿੱਚ ਸਭਨਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਹੱਕ ਹੈ ਪਰ ਅੱਜ ਛੁੱਟੀ ਨਾ ਹੋਣ ਦੇ ਕਾਰਨ ਵਕੀਲ ਕੋਟ ਕੰਪਲੈਕਸ ਵਿਖੇ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਇਸੇ ਕਾਰਨ ਉਹ ਆਪਣੇ ਲੋਕਤੰਤਰ ਦੇ ਹੱਕ ਦਾ ਇਸਤੇਮਾਲ ਨਹੀਂ ਕਰ ਪਾਏ। ਉਨ੍ਹਾਂ ਕਿਹਾ ਅੱਜ ਸਵੇਰ ਤੋਂ ਲੋਕ ਵੱਖ-ਵੱਖ ਪੋਲਿੰਗ ਬੂਥਾਂ ‘ਤੇ ਜਾ ਕੇ ਆਪਣੇ ਪਸੰਦੀਦਾ ਉਮੀਦਵਾਰ ਦੀ ਚੋਣ ਕਰ ਰਹੇ ਹਨ, ਉਥੇ ਹੀ ਵਕੀਲਾਂ ਨੂੰ ਵੀ ਪੂਰਾ ਹੱਕ ਹੈ ਕਿ ਉਹ ਵੋਟ ਪਾਉਣ ਪਰ ਕੋਰਟ-ਕੰਮਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਨਾਲ ਜੁੜੇ ਕੰਮ-ਕਾਜ ਨੂੰ ਲੈ ਕੇ ਲੋਕ ਇੱਥੇ ਪਹੁੰਚ ਰਹੇ ਹਨ। ਜਿਸ ਕਾਰਨ ਵਧੇਰੇ ਵਕੀਲ ਵੋਟ ਨਹੀਂ ਪਾ ਸਕੇ। ਉਨ੍ਹਾਂ ਕਿਹਾ ਕਿ ਵਕੀਲਾਂ ਨੂੰ ਵੀ ਛੁੱਟੀ ਮਿਲਣੀ ਚਾਹੀਦੀ ਸੀ। ਜਿਸ ਕਾਰਨ ਵਕੀਲਾਂ ਦੇ ਵਿੱਚ ਭਾਰੀ ਰੋਸ ਹੈ।