ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਐਤਵਾਰ ਨੂੰ ਪੰਜਾਬ ਦੇ ਤਾਪਮਾਨ ‘ਚ 1.6 ਡਿਗਰੀ ਅਤੇ ਚੰਡੀਗੜ੍ਹ ‘ਚ ਤਾਪਮਾਨ ‘ਚ 2.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਗਿਰਾਵਟ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਅੱਜ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਅਸਲ ਵਿੱਚ ਵੈਸਟਰਨ ਡਿਸਟਰਬੈਂਸ ਸਰਗਰਮ ਹੈ। ਜਿਸ ਕਾਰਨ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫਬਾਰੀ ਦਰਜ ਕੀਤੀ ਗਈ। ਜਿਸ ਕਾਰਨ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਇਸ ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ ਨਗਰ ਅਤੇ ਮਲੇਰਕੋਟਲਾ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਅਤੇ ਚੰਡੀਗੜ੍ਹ ਵਿੱਚ 11 ਦਸੰਬਰ ਤੋਂ ਠੰਢ ਵਧਣੀ ਸ਼ੁਰੂ ਹੋ ਜਾਵੇਗੀ। ਪੰਜਾਬ-ਚੰਡੀਗੜ੍ਹ ਦੇ ਨਾਲ ਲੱਗਦੇ ਪਹਾੜੀ ਜ਼ਿਲਿਆਂ ‘ਚ ਬਰਫਬਾਰੀ ਹੋ ਰਹੀ ਹੈ। ਠੰਡੀਆਂ ਹਵਾਵਾਂ ਹੁਣ ਪਹਾੜਾਂ ਤੋਂ ਮੈਦਾਨਾਂ ਵੱਲ ਵਧ ਰਹੀਆਂ ਹਨ। ਜਿਸ ਕਾਰਨ ਠੰਡ ਹੋਰ ਵਧ ਜਾਵੇਗੀ। ਮੌਸਮ ਵਿਭਾਗ ਨੇ ਹੁਣ 11 ਦਸੰਬਰ ਅਤੇ ਉਸ ਤੋਂ ਬਾਅਦ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ।