ਬਰਨਾਲਾ ਤੋਂ ਵਿਧਾਨ ਸਭਾ ਉਪ ਚੋਣ ਜਿੱਤਣ ਵਾਲੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਅਜੇ ਤੱਕ ਸਹੁੰ ਨਹੀਂ ਚੁੱਕੀ, ਜਦਕਿ ਉਨ੍ਹਾਂ ਨਾਲ ਜਿੱਤਣ ਵਾਲੇ ਆਮ ਆਦਮੀ ਪਾਰਟੀ (ਆਪ) ਦੇ ਤਿੰਨ ਵਿਧਾਇਕਾਂ ਨੇ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਵਿਧਾਨ ਸਭਾ ਵੱਲੋਂ 4 ਦਸੰਬਰ ਦਾ ਸਮਾਂ ਦਿੱਤਾ ਗਿਆ ਸੀ। ਪਰ ਉਨ੍ਹਾਂ ਦੇ ਰੁਝੇਵਿਆਂ ਕਾਰਨ ਵਿਧਾਨ ਸਭਾ ਸਪੀਕਰ ਨੇ ਹੁਣ ਉਨ੍ਹਾਂ ਨੂੰ 9 ਦਸੰਬਰ ਨੂੰ ਬੁਲਾਇਆ ਹੈ।
ਜਾਣਕਾਰੀ ਮੁਤਾਬਕ 23 ਨਵੰਬਰ ਨੂੰ ਚਾਰ ਸੀਟਾਂ ‘ਤੇ ਹੋਈਆਂ ਵਿਧਾਨ ਸਭਾ ਉਪ ਚੋਣਾਂ ਦੇ ਨਤੀਜੇ ਐਲਾਨੇ ਗਏ ਸਨ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਸੀਟਾਂ ਸ਼ਾਮਲ ਹਨ। ਬਰਨਾਲਾ ਸੀਟ ਤੋਂ ਕਾਂਗਰਸੀ ਉਮੀਦਵਾਰ ਕਾਲ ਢਿੱਲੋਂ ਨੇ ਜਿੱਤ ਦਰਜ ਕੀਤੀ ਸੀ, ਜਦਕਿ ਬਾਕੀ ਤਿੰਨ ਸੀਟਾਂ ‘ਤੇ ਆਮ ਆਦਮੀ ਪਾਰਟੀ ਜੇਤੂ ਰਹੀ ਸੀ।
ਇਸ ਤੋਂ ਬਾਅਦ 2 ਦਸੰਬਰ ਨੂੰ ‘ਆਪ’ ਦੇ ਤਿੰਨ ਵਿਧਾਇਕਾਂ ਨੇ ਸਹੁੰ ਚੁੱਕੀ। ਜਦੋਂਕਿ ਕਾਂਗਰਸੀ ਵਿਧਾਇਕ ਨੂੰ 4 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ। ਹਾਲਾਂਕਿ ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਅੱਜ ਅਧਿਕਾਰਤ ਤੌਰ ‘ਤੇ ਵਿਧਾਨ ਸਭਾ ‘ਚ ਸਹੁੰ ਚੁੱਕਣ ਲਈ ਨਹੀਂ ਬੁਲਾਇਆ ਗਿਆ ਸੀ, ਜਿਸ ਕਾਰਨ ਉਹ ਸਹੁੰ ਚੁੱਕਣ ਨਹੀਂ ਗਏ।