Tuesday, November 5, 2024
spot_img

ਪੰਚਾਇਤ ਸਕੱਤਰ ਦੀ ਪਿੰਡਾਂ ‘ਚ ਜਾਣ ਦੀ ਸਮਾਂ ਸਾਰਣੀ ਤਿਆਰ ਕੀਤੀ ਜਾਵੇ : ਕੈਬਨਿਟ ਮੰਤਰੀ

Must read

ਪਟਿਆਲਾ, 12 ਜੁਲਾਈ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ‘ਚ ਸ਼ੁਰੂ ਕੀਤੇ ਜਾਣ ਵਾਲੇ ਅਤੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਅੱਜ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਵੀ ਮੌਜੂਦ ਸਨ।  
ਮੀਟਿੰਗ ਦੌਰਾਨ ਡਾ. ਬਲਬੀਰ ਸਿੰਘ ਨੇ ਪਿੰਡ ‘ਚ ਚੱਲ ਰਹੇ ਹਰੇਕ ਛੋਟੇ ਤੋਂ ਛੋਟੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਵਿਕਾਸ ਕਾਰਜ ਦੇ ਕੰਮਾਂ ਨੂੰ ਸਮਾਂਬੱਧ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਤਰੁੱਟੀ ਲਈ ਸਬੰਧਤ ਅਧਿਕਾਰੀ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਜ਼ਿਆਦਾ ਕੰਮ ਪੰਚਾਇਤ ਸਕੱਤਰ ਨਾਲ ਹੁੰਦੇ ਹਨ, ਇਸ ਲਈ ਪੰਚਾਇਤ ਸਕੱਤਰ ਦੀ ਪਿੰਡਾਂ ‘ਚ ਜਾਣ ਦੀ ਸਮਾਂ ਸਾਰਣੀ ਬਣਾਈ ਜਾਵੇ ਅਤੇ ਇਸ ਸਬੰਧੀ ਲੋਕਾਂ ਨੂੰ ਪਹਿਲਾਂ ਜਾਣੂ ਕਰਵਾਇਆ ਜਾਵੇ ਤਾਂ ਜੋ ਲੋਕ ਆਪਣਾ ਕੰਮ ਆਸਾਨੀ ਨਾਲ ਕਰਵਾ ਸਕਣ।
ਉਨ੍ਹਾਂ ਕਿਹਾ ਕਿ ਪਿੰਡਾਂ ‘ਚ ਕੰਮ ਕਰਦੇ ਮਗਨਰੇਗਾ ਵਰਕਰਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ ਅਤੇ ਮਗਨਰੇਗਾ ਐਕਟ ਦੀ ਬਾਰੀਕੀ ਨਾਲ ਜਾਣਕਾਰੀ ਦੇਣ ਲਈ ਅਧਿਕਾਰੀਆਂ ਦੀ ਵਿਸ਼ੇਸ਼ ਟਰੇਨਿੰਗ ਕਰਵਾਈ ਜਾਵੇਗੀ ਤਾਂ ਜੋ ਮਗਨਰੇਗਾ ਦੀ ਹੋਰ ਵੀ ਬਿਹਤਰ ਢੰਗ ਨਾਲ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਫੀਲਡ ‘ਚ ਰਹਿਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਲੋਕਾਂ ਦੇ ਕੰਮ ਉਨ੍ਹਾਂ ਦੇ ਪਿੰਡਾਂ ਵਿੱਚ ਹੀ ਹੋਣ ਇਸ ਲਈ ਅਧਿਕਾਰੀ ਨਿਰੰਤਰ ਤੌਰ ‘ਤੇ ਫੀਲਡ ਵਿਜ਼ਟ ਕਰਨਾ ਯਕੀਨੀ ਬਣਾਉਣ। ਉਨ੍ਹਾਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮਿਣਤੀ ਦਾ ਕੰਮ ਕਰਨ ਦੇ ਵੀ ਨਿਰਦੇਸ਼ ਵੀ ਦਿੱਤੇ।
ਕੈਬਨਿਟ ਮੰਤਰੀ ਨੇ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦੀ ਕਾਰਵਾਈ ਅਰੰਭਣ ਲਈ ਵੀ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਪਿੰਡਾਂ ‘ਚ ਅਜਿਹੀਆਂ ਥਾਂਵਾਂ ਦੀ ਪਹਿਚਾਣ ਕੀਤੀ ਜਾਵੇ, ਜਿਥੇ ਪਲਾਟ ਦਿੱਤੇ ਜਾ ਸਕਦੇ ਹਨ। ਉਨ੍ਹਾਂ ਪਿੰਡਾਂ ‘ਚ ਟੋਭਿਆਂ ਦੀ ਮੈਪਿੰਗ ਕਰਨ ਤੇ ਪੂਰਾ ਰਿਕਾਰਡ ਰੱਖਣ ਸਮੇਤ ਪਿੰਡਾਂ ‘ਚ ਸਾਲਿਡ ਵੈਸਟ ਮੈਨੇਜਮੈਂਟ ਨੂੰ ਲਾਗੂ ਕਰਨ ਲਈ ਰਣਨੀਤੀ ਤਿਆਰ ਕਰਨ ਲਈ ਨਿਰਦੇਸ਼ ਦਿੱਤੇ।
ਉਨ੍ਹਾਂ ਲੁਬਾਣਾ ਟੇਕੂ ਦੀ ਢਾਬ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਅਤੇ ਇਥੋਂ ਦੇ ਪਾਣੀ ਦੀ ਵਰਤੋਂ ਡਰਿੱਪ ਇਰੀਗੇਸ਼ਨ ਲਈ ਕਰਨ ਅਤੇ ਪਿੰਡ ਧੰਗੇੜਾ ਵਿਖੇ ਮਾਡਲ ਸਟੇਡੀਅਮ ਬਣਾਉਣ ਲਈ ਵਿਭਾਗਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਹ ਦੋਵੇਂ ਪ੍ਰੋਜੈਕਟ ਸੂਬੇ ਲਈ ਮਾਡਲ ਵਜੋਂ ਤਿਆਰ ਕੀਤੇ ਜਾਣ। ਉਨ੍ਹਾਂ ਮੌਨਸੂਨ ਸੀਜ਼ਨ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਵੀ ਸਮੂਹ ਵਿਭਾਗਾਂ ਨੂੰ ਨਿਰਦੇਸ਼ ਦਿੱਤੇ।
ਮੀਟਿੰਗ ‘ਚ ਐਸ.ਡੀ.ਐਮ. ਪਟਿਆਲਾ ਅਰਵਿੰਦ ਕੁਮਾਰ, ਐਸ.ਡੀ.ਐਮ. ਨਾਭਾ ਤਰਸੇਮ ਚੰਦ, ਡੀ.ਐਸ.ਪੀ. ਜੰਗਜੀਤ ਸਿੰਘ, ਕਰਨਲ ਜੇ.ਵੀ. ਸਿੰਘ, ਡਿਪਟੀ ਸੀ.ਈ.ਓ. ਜ਼ਿਲ੍ਹਾ ਪ੍ਰੀਸ਼ਦ ਸੁਰਿੰਦਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਗੁਰਲੀਨ ਕੌਰ ਸਮੇਤ ਉਪ ਮੁੱਖ ਕਾਰਜਕਾਰੀ ਅਫ਼ਸਰ ਪਟਿਆਲਾ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਪਟਿਆਲਾ, ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਅਤੇ ਬੀ.ਡੀ.ਪੀ.ਓ ਹਾਜ਼ਰ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article