ਭਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਗਾਇਕ ਅਤੇ ਰਾਗੀ ਭਾਈ ਅਮਰਦੀਪ ਸਿੰਘ (45) ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਭਾਈ ਅਮਰਦੀਪ ਸਿੰਘ ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਬੋਦਲ ਨਾਲ ਸਬੰਧਤ ਸਨ। ਇਸਮਿਲੀ ਜਾਣਕਾਰੀ ਮੁਤਾਬਿਕ ਭਾਈ ਅਮਰਦੀਪ ਸਿੰਘ ਨੇ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਪੰਜਾਬ ਅਤੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਪਹੁੰਚਾਇਆ ਹੈ।
ਜਾਣਕਾਰੀ ਦਿੰਦੇ ਹੋਏ ਅਮਰਦੀਪ ਦੇ ਵੱਡੇ ਭਰਾ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਅਮਰਦੀਪ ਸਿੰਘ 2018 ‘ਚ ਅਮਰੀਕਾ ਗਿਆ ਸੀ ਅਤੇ ਆਪਣੀ ਪਤਨੀ ਅਤੇ ਇਕ ਲੜਕੇ ਨਾਲ ਐਰੀਜ਼ੋਨਾ ਸ਼ਹਿਰ ‘ਚ ਰਹਿ ਰਿਹਾ ਸੀ। ਅਮਰਦੀਪ ਨੇ ਭਾਰਤੀ ਸ਼ਾਸਤਰੀ ਸੰਗੀਤ ਵਿੱਚ MA ਕੀਤੀ ਹੈ ਅਤੇ ਭਾਰਤ ਦੇ ਨਾਲ-ਨਾਲ ਦੁਨੀਆ ਦੇ ਕਈ ਵੱਡੇ ਦੇਸ਼ਾਂ ਵਿੱਚ ਸੰਗੀਤਕ ਪ੍ਰੋਗਰਾਮ ਪੇਸ਼ ਕੀਤੇ ਹਨ। ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਅਮਰਦੀਪ ਨੂੰ ਸਨਮਾਨਿਤ ਕਰ ਚੁੱਕੀਆਂ ਹਨ।
ਅਮਰਦੀਪ ਦੇ ਵੱਡੇ ਭਰਾ ਨੇ ਦੱਸਿਆ ਕਿ ਸਾਡਾ ਪਰਿਵਾਰ ਬਾਬਾ ਮਰਦਾਨਾ ਜੀ ਦੇ ਗੋਤ ਨਾਲ ਸਬੰਧਤ ਹੈ ਅਤੇ ਗਾਇਕੀ ਵਿਚ ਅਸੀਂ ਬੋਦਲ ਘਰਾਣੇ ਨਾਲ ਸਬੰਧਤ ਹਾਂ। ਉਨ੍ਹਾਂ ਦੱਸਿਆ ਜਦੋਂ ਸਾਡੇ ਰਿਸ਼ਤੇਦਾਰ ਨੇ ਅਮਰੀਕਾ ਤੋਂ ਫ਼ੋਨ ‘ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਤਾਂ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਭਰਾ ਅਮਰਦੀਪ ਸਿੰਘ ਨੂੰ ਲੋਕਾਂ ਦਾ ਬਹੁਤ ਆਦਰ ਤੇ ਪਿਆਰ ਮਿਲਦਾ ਸੀ।