ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਗ੍ਰੇਟ ਬ੍ਰਿਟੇਨ ਨੂੰ 4-2 ਨਾਲ ਹਰਾ ਕੇ ਪੈਰਿਸ 2024 ਓਲੰਪਿਕ ਦੇ ਸੇਮੀਫ਼ਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਸਨ। ਭਾਰਤ ਬਨਾਮ ਗ੍ਰੇਟ ਬ੍ਰਿਟੇਨ ਹਾਕੀ ਦਾ ਕੁਆਰਟਰ ਫਾਈਨਲ ਮੈਚ ਯਵੇਸ-ਡੂ-ਮਾਨੋਇਰ ਸਟੇਡੀਅਮ ਵਿੱਚ ਖੇਡਿਆ ਗਿਆ।
ਭਾਰਤ ਲਈ ਨਿਰਧਾਰਤ ਸਮੇਂ ਵਿੱਚ ਹਰਮਨਪ੍ਰੀਤ ਸਿੰਘ ਨੇ (22ਵੇਂ ਮਿੰਟ ਵਿੱਚ) ਜਦਕਿ ਗ੍ਰੇਟ ਬ੍ਰਿਟੇਨ ਲਈ (27ਵੇਂ ਮਿੰਟ ਵਿੱਚ) ਮੋਰਟਨ ਲੀ ਨੇ ਗੋਲ ਕੀਤਾ। ਪੈਨਲਟੀ ਸ਼ੂਟਆਊਟ ਵਿੱਚ ਭਾਰਤ ਲਈ ਹਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਲਲਿਤ ਉਪਾਧਿਆਏ ਅਤੇ ਰਾਜ ਪਾਲ ਕੁਮਾਰ ਨੇ ਗੋਲ ਕੀਤੇ, ਜਦਕਿ ਗ੍ਰੇਟ ਬ੍ਰਿਟੇਨ ਲਈ ਜੇਮਸ ਅਲਬੇਰੀ ਅਤੇ ਚੱਕ ਵੈਲੇਸ ਨੇ ਗੋਲ ਕੀਤੇ।
ਇਸ ਮੈਚ ‘ਚ ਭਾਰਤੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਆਪਣੇ ਅਨੁਭਵ ਅਤੇ ਹੁਨਰ ਦਾ ਸ਼ਾਨਦਾਰ ਸੁਮੇਲ ਦਿਖਾਉਂਦੇ ਹੋਏ ਭਾਰਤ ਨੂੰ ਸੈਮੀਫਾਈਨਲ ‘ਚ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ। ਉਸਨੇ ਗ੍ਰੇਟ ਬ੍ਰਿਟੇਨ ਦੇ ਸਟ੍ਰਾਈਕਰਾਂ ਨੂੰ ਪੈਨਲਟੀ ਸ਼ੂਟਆਊਟ ਵਿੱਚ ਗੋਲ ਕਰਨ ਤੋਂ ਰੋਕਿਆ, ਜਿਸ ਦੀ ਬਦੌਲਤ ਭਾਰਤ ਪੈਰਿਸ 2024 ਵਿੱਚ ਚੋਟੀ ਦੇ 4 ਵਿੱਚ ਪਹੁੰਚਣ ਵਿੱਚ ਕਾਮਯਾਬ ਰਿਹਾ।