ਲੁਧਿਆਣਾ, 6 ਸਤੰਬਰ : ਪੁਲੀਸ ਕਮਿਸ਼ਨਰ ਦਫਤਰ ਦੇ ਬਾਹਰ ਪਿਛਲੇ ਕੁਝ ਦਿਨਾਂ ਤੋਂ ਸਮੂਹਿਕ ਜਬਰ ਜਨਾਹ ਪੀੜਤਾ ਨਾਬਾਲਿਗ ਨਾਲ ਧਰਨੇ ’ਤੇ ਬੈਠੀ ਔਰਤ ਅਤੇ ਉਸ ਦੀ ਬੇਟੀ ’ਤੇ ਬੁੱਧਵਾਰ ਦੁਪਹਿਰ ਨੂੰ ਹਮਲਾ ਕੀਤਾ ਗਿਆ। ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਇੱਕ ਵਾਰ ਸੜਕ ’ਤੇ ਹਫੜਾ-ਦਫੜੀ ਮੱਚ ਗਈ। ਦੋਵਾਂ ਧਿਰਾਂ ਨੇ ਇੱਕ ਦੂਜੇ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਪਥਰਾਅ ਕਰਨ ਵਾਲੀਆਂ ਔਰਤਾਂ ਜਦੋਂ ਭੱਜਣ ਲੱਗੀਆਂ ਤਾਂ ਉੱਥੇ ਮੌਜੂਦ ਕੁਝ ਲੋਕਾਂ ਨੇ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਲੈ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਪੰਜ ਅਤੇ ਏਸੀਪੀ ਸਿਵਲ ਲਾਈਨ ਖ਼ੁਦ ਮੌਕੇ ’ਤੇ ਪੁੱਜੇ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਬਰ ਜਨਾਹ ਨਾਬਾਲਿਗ ਪੀੜਤਾ ਆਪਣੀ ਮਾਂ ਨਾਲ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੀ ਹੈ। ਉਸ ਦਾ ਦੋਸ਼ ਹੈ ਕਿ ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਗਲਤ ਅਤੇ ਢਿੱਲੀ ਕਾਰਵਾਈ ਕੀਤੀ ਹੈ। ਚਾਰ ਲੋਕਾਂ ਤੇ ਦੋਸ਼ ਲਗਾਇਆ ਸੀ ਅਤੇ ਦੋ ਲੋਕਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਬਾਕੀ ਮੁਲਜ਼ਮ ਸ਼ਰੇਆਮ ਘੁੰਮ ਰਹੇ ਹਨ। ਪੀੜਤਾ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਉਸ ਨੂੰ ਕਾਫੀ ਸਮੇਂ ਤੋਂ ਧਮਕੀਆਂ ਦੇ ਰਹੇ ਸਨ। ਉਹ ਕਈ ਵਾਰ ਪੁਲੀਸ ਨੂੰ ਸ਼ਿਕਾਇਤ ਕਰ ਚੁੱਕਾ ਹਨ, ਪਰ ਪੁਲੀਸ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਨਹੀਂ ਕਰਦੀ। ਪੀੜਤਾ ਨਾਬਾਲਿਗ ਅਤੇ ਉਸ ਦੀ ਮਾਂ ਨੇ ਦੋਸ਼ ਲਾਇਆ ਕਿ ਦੋਵੇਂ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਸਨ। ਇਸ ਦੌਰਾਨ ਕੁਝ ਔਰਤਾਂ ਆ ਗਈਆਂ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਗਾਲੀ-ਗਲੋਚ ਅਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪੀੜਤ ਪਰਿਵਾਰ ਨੇ ਵੀ ਔਰਤਾਂ ’ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਸੜਕ ਦੇ ਵਿਚਕਾਰੋਂ ਦੋਵੇਂ ਪਾਸਿਓਂ ਪੱਥਰ ਮਾਰਨ ਲੱਗੇ ਤਾਂ ਭਗਦੜ ਮੱਚ ਗਈ। ਉਥੇ ਮੌਜੂਦ ਪੁਲੀਸ ਮੁਲਾਜ਼ਮਾਂ ਨੂੰ ਵੀ ਆਪਣੀ ਜਾਨ ਬਚਾਉਣੀ ਪਈ ਅਤੇ ਉਥੋਂ ਲੰਘਣ ਵਾਲੇ ਵਾਹਨ ਚਾਲਕ ਵੀ ਰੁਕ ਗਏ। ਇਸ ਦੌਰਾਨ ਉਥੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਜਦੋਂ ਦੋਵਾਂ ਧਿਰਾਂ ਨੂੰ ਹਟਾਇਆ ਤਾਂ ਪੀੜਤ ਧਿਰ ਨੇ ਹਮਲਾ ਕਰਨ ਵਾਲੀਆਂ ਔਰਤਾਂ ਨੂੰ ਕਾਬੂ ਕਰ ਲਿਆ। ਉਹ ਦੋਵਾਂ ਨੂੰ ਉਥੋਂ ਘਸੀਟ ਕੇ ਪੁਲੀਸ ਕਮਿਸ਼ਨਰ ਦਫ਼ਤਰ ਲੈ ਗਏ। ਪੀੜਤਾ ਨੇ ਦੋਸ਼ ਲਾਇਆ ਕਿ ਉਸ ਨੇ ਪਹਿਲਾਂ ਹੀ ਕਿਹਾ ਸੀ ਕਿ ਹਮਲਾਵਰ ਉਸ ਦੀ ਜਾਨ ਦੇ ਦੁਸ਼ਮਣ ਹਨ ਅਤੇ ਉਸ ’ਤੇ ਕਿਸੇ ਵੀ ਸਮੇਂ ਹਮਲਾ ਹੋ ਸਕਦਾ ਹੈ। ਇਸ ਲਈ ਮੌਕਾ ਦੇਖ ਕੇ ਔਰਤਾਂ ’ਤੇ ਹਮਲਾ ਕਰ ਦਿੱਤਾ ਗਿਆ। ਇਸ ਮਾਮਲੇ ਸਬੰਧੀ ਏ.ਸੀ.ਪੀ ਸਿਵਲ ਲਾਈਨ ਜਤਿਨ ਬਾਂਸਲ ਨੇ ਕਿਹਾ ਕਿ ਉਹ ਖੁਦ ਮੌਕਾ ਦੇਖਣ ਆਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਮਲਾ ਕਰਨ ਵਾਲੀਆਂ ਔਰਤਾਂ ਕੌਣ ਹਨ ਅਤੇ ਉਨ੍ਹਾਂ ਦਾ ਦੂਜੀ ਧਿਰ ਨਾਲ ਕੀ ਸਬੰਧ ਹੈ। ਜਾਂਚ ਤੋਂ ਬਾਅਦ ਯਕੀਨੀ ਤੌਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।