ਪਟਿਆਲਾ, 14 ਜੁਲਾਈ: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਅੱਜ ਪੰਜਾਬ ਸਿਵਲ ਸਰਵਿਸ (ਕਾਰਜਕਾਰੀ) ਦੀ ਕਰਵਾਈ ਗਈ ਲਿਖਤੀ ਪ੍ਰੀਖਿਆ ਸਫਲਤਾ ਪੂਰਵਕ ਸੰਪੰਨ ਹੋਈ। ਪਟਿਆਲਾ ਵਿਖੇ ਲਈ ਗਈ ਇਸ ਪ੍ਰੀਖਿਆ ਸਬੰਧੀ ਪੀ.ਪੀ.ਐਸ.ਸੀ. ਵੱਲੋਂ ਵਿਆਪਕ ਸੁਰੱਖਿਆ ਪ੍ਰਬੰਧਾਂ ਸਮੇਤ ਉਮੀਦਵਾਰਾਂ ਦੀ ਪਛਾਣ ਆਦਿ ਲਈ ਢੁਕਵੇਂ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਪੀ.ਸੀ.ਐਸ. ਲਈ ਰਜਿਸਟਰ-ਸੀ ਅਤੇ ਰਜਿਸਟਰ-ਏ-ਟੂ ਦੀ ਪ੍ਰੀਖਿਆ ਅੱਜ ਕਰਵਾਈ ਗਈ ਹੈ, ਜਿਸ ਲਈ ਉਮੀਦਵਾਰਾਂ ਦੀ ਹਾਜਰੀ 79 ਫੀਸਦੀ ਰਹੀ।
ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਲਈ ਕੁਲ 957 ਯੋਗ ਉਮੀਦਵਾਰ ਸਨ ਪ੍ਰੰਤੂ ਇਨ੍ਹਾਂ ਵਿੱਚੋਂ 750 ਉਮੀਦਵਾਰਾਂ ਨੇ ਹੀ ਪੇਪਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰੇਕ ਪ੍ਰੀਖਿਆ ਦੀ ਤਰ੍ਹਾਂ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਇਸ ਇਮਤਿਹਾਨ ਲਈ ਵੀ ਪਾਰਦਰਸ਼ਤਾ ਪੂਰੀ ਤਰ੍ਹਾਂ ਕਾਇਮ ਰੱਖਣ ਸਮੇਤ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਸਨ। ਸਕੱਤਰ ਪ੍ਰੀਖਿਆਵਾਂ ਦੇਵਦਰਸ਼ਦੀਪ ਸਿੰਘ ਦਾ ਕਹਿਣਾ ਸੀ ਕਿ ਕਮਿਸ਼ਨ ਕਿਸੇ ਵੀ ਪ੍ਰੀਖਿਆ ਦੇ ਮਾਮਲੇ ਵਿੱਚ ਕਦੇ ਕੋਈ ਸਮਝੌਤਾ ਨਹੀਂ ਕਰਦਾ ਤੇ ਹਰ ਤਰ੍ਹਾਂ ਦੇ ਗੁਪਤਤਾ ਤੇ ਸੁਰੱਖਿਆ ਦੇ ਪ੍ਰੋਟੋਕੋਲ ਦੀ ਪਾਲਣਾ ਸਖਤੀ ਨਾਲ ਕੀਤੀ ਜਾਂਦੀ ਹੈ।
ਇਸੇ ਦੌਰਾਨ ਪ੍ਰੀਖਿਆ ਵਿੱਚ ਬੈਠਣ ਵਾਲੇ ਉਮੀਦਵਾਰਾਂ ਨੇ ਪੀ.ਪੀ.ਐਸ.ਸੀ. ਵੱਲੋਂ ਪੇਪਰ ਲੈਣ ਲਈ ਵਰਤੀ ਗਈ ਸਖਤੀ, ਕੀਤੇ ਗਏ ਸੁਰੱਖਿਆ ਪ੍ਰਬੰਧਾਂ ਲਈ ਕਮਿਸ਼ਨ ਦੀ ਸ਼ਲਾਘਾ ਕੀਤੀ ਹੈ। ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ, ਡੀ.ਐਸ.ਐਸ.ਓ. ਵਰਿੰਦਰ ਸਿੰਘ ਟਿਵਾਣਾ, ਬਠਿੰਡਾ ਤੋਂ ਅਧਿਆਪਕ ਪੁਸ਼ਪੇਸ਼ ਕੁਮਾਰ, ਫਰੀਦਕੋਟ ਤੋਂ ਡੀ. ਐਫ.ਐਸ.ਸੀ ਵੰਦਨਾ ਕੰਬੋਜ, ਫੂਡ ਸਪਲਾਈ ਦੇ ਲਾਅ ਅਫਸਰ ਗੁਰਮੀਤ ਸਿੰਘ, ਸੀ.ਡੀ.ਪੀ.ਓ ਸੁਪ੍ਰੀਤ ਕੌਰ, ਏ.ਸੀ.ਐਫ.ਏ ਰਾਕੇਸ਼ ਕੁਮਾਰ, ਸੁਪਰਡੈਂਟ ਨਵਦੀਪ ਗੁਪਤਾ, ਸਕੂਲ ਪ੍ਰਿੰਸੀਪਲ ਪਰਮਲ ਸਿੰਘ ਤੇ ਭੂਮੀ ਰੱਖਿਆ ਅਫਸਰ ਸੁਨਾਮ ਗੁਰਦੇਵਕ ਸਿੰਘ ਸਮੇਤ ਹੋਰ ਕਈ ਉਮੀਦਵਾਰਾਂ ਨੇ ਪੀ.ਪੀ.ਐਸ.ਸੀ. ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੇਪਰ ਪੂਰਾ ਯੂ.ਪੀ.ਐਸ.ਸੀ. ਦੀ ਤਰਜ ‘ਤੇ ਵਿਚਾਰਕ (ਕਨਸੈਪਚੂਅਲ), ਵਿਸਲੇਸ਼ਣਾਤਮਿਕ (ਐਨਾਲਿਟੀਕਲ), ਲੈਂਥੀ ਤੇ ਮੁਕਾਬਲੇ ਵਾਲਾ ਸੀ।
ਇਨ੍ਹਾਂ ਉਮੀਦਵਾਰਾਂ ਨੇ ਕਿਹਾ ਕਿ ਪਿਛਲੇ ਦਿਨੀਂ ਏਡੀਓ ਦੇ ਪੇਪਰ ਲੀਕ ਦੀਆਂ ਝੂਠੀਆਂ ਅਫਵਾਹਾਂ ਦੇ ਉਲਟ ਪੀ.ਪੀ.ਐਸ.ਸੀ ਵਲੋਂ ਲਏ ਗਏ ਪੇਪਰ ਦੌਰਾਨ ਪਾਰਦਰਸ਼ਤਾ ਤੇ ਸਖਤੀ ਸਪੱਸ਼ਟ ਨਜ਼ਰ ਆ ਰਹੀ ਸੀ, ਕਿਉਂਕਿ ਤਿੰਨ ਵਾਰ ਵੀਡੀਉਗ੍ਰਾਫੀ ਕਰਵਾਈ ਗਈ ਅਤੇ ਬਾਰਕੋਡ ਸਕੈਨ ਤੇ ਫਿੰਗਰ ਪ੍ਰਿੰਟ ਵੈਰੀਫਾਈ ਕਰਨ ਮਗਰੋੰ ਹੀ ਉਮੀਦਵਾਰਾਂ ਦਾ ਸੈਂਟਰ ਵਿੱਚ ਦਾਖਲਾ ਦਰਸਾਉਂਦਾ ਹੈ ਕਿ ਪੀ.ਪੀ.ਐਸ.ਸੀ ਵਲੋਂ ਮੁਕਾਬਲੇ ਦੇ ਇਮਤਿਹਾਨ ਲੈਣ ਸਮੇਂ ਸੰਘ ਲੋਕ ਸੇਵਾ ਕਮਿਸ਼ਨ ਵਾਲੇ ਨਿਯਮ ਹੂਬਹੂ ਅਪਣਾਏ ਜਾਂਦੇ ਹਨ, ਜੋ ਕਿ ਚੰਗੀ ਗੱਲ ਹੈ, ਇਸ ਨਾਲ ਕਮਿਸ਼ਨ ਪ੍ਰਤੀ ਉਮੀਦਵਾਰਾਂ ਦਾ ਬਣਿਆ ਭਰੋਸਾ ਬਰਕਰਾਰ ਰਹਿੰਦਾ ਹੈ।