ਸ਼੍ਰੀ ਆਨੰਦਪੁਰ ਸਾਹਿਬ : ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਗਏ ਸ਼੍ਰੀ ਆਨੰਦਪੁਰ ਸਾਹਿਬ ਦੇ ਨਜਦੀਕ ਨੂਰਪੁਰ ਬੇਦੀ ਦੇ ਨਿਹੰਗ ਸਿੰਘਾਂ ਨੂੰ ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਬਦਸਲੂਕੀ ਕਰਕੇ ਬੇਰੰਗ ਵਾਪਿਸ ਭੇਜਿਆ ਦਿੱਤਾ। ਜਿਸ ਨੂੰ ਲੈਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ‘ਚ ਪਹਿਲਾਂ ਹੀ ਕੜਵਾਹਟ ਚੱਲ ਰਹੀ ਹੈ। ਮਗਰ ਉਸਦੀ ਤਾਜ਼ਾ ਉਦਾਹਰਨ ਉਦੋਂ ਦੇਖਣ ਨੂੰ ਮਿਲੀ ਜਦੋਂ ਨੂਰਪੁਰਬੇਦੀ ਦੇ ਪਿੰਡ ਡੂਮੇਵਾਲ ਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦਾ ਦਿਹਾੜਾ ਮਨਾਉਣ ਲਈ ਭਾਰਤ ਤੋਂ ਰਵਾਨਾ ਹੋਏ ਗੁਰ ਸਿੱਖ ਅਤੇ ਨਿਹੰਗ ਸਿੰਘ ਤੇ ਬਾਣੇ ‘ਚ ਸਜੇ ਮਨਦੀਪ ਸਿੰਘ ਨੂੰ ਪਾਕਿਸਤਾਨ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਵਲੋਂ ਕਈ ਘੰਟੇ ਦੀ ਗੈਰ ਜ਼ਰੂਰੀ ਪੁਛਗਿੱਛ ਦੌਰਾਨ ਬਦਸਲੂਕੀ ਕਰਕੇ ਵਾਪਿਸ ਵੇਰੰਗ ਭੇਜ ਦਿੱਤਾ ਗਿਆ।
ਪਿੰਡ ਡੂਮੇਵਾਲ ਵਿਖੇ ਪਹੁੰਚੇ ਮਨਦੀਪ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਹ 8 ਜੂਨ ਆਪਣੇ ਘਰ ਤੋਂ ਰਾਤ ਕਰੀਬ ਸਾਢੇ 3 ਵਜੇ ਰਵਾਨਾ ਹੋਏ। ਜਿਨ੍ਹਾਂ ਅੱਗੇ ਫਿਰੋਜ਼ਪੁਰ ਦੇ ਜਥੇ ਨਾਲ ਪਾਕਿਸਤਾਨ ਜਾਣਾ ਸੀ। ਉਸਨੇ ਦੱਸਿਆ ਕਿ ਉਹ ਸਵੇਰੇ ਅਟਾਰੀ ਬਾਰਡਰ ‘ਤੇ ਪਹੁੰਚ ਗਿਆ ਅਤੇ ਜਿਸ ਤੋਂ ਬਾਅਦ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਦਸਤਾਵੇਜ਼ ਚੈਕ ਕਰਨ ਤੋਂ ਬਾਅਦ ਉਸਨੂੰ ਸਵੇਰੇ ਸਾਢੇ 8 ਵਜੇ ਸਰਹੱਦ ਪਾਰ ਭੇਜ ਦਿੱਤਾ। ਜਿਸ ਤੋਂ ਬਾਅਦ ਪਾਕਿਸਤਾਨ ਦੇ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਉਪਰੰਤ ਉਸਨੂੰ ਪਾਸਪੋਰਟ ‘ਤੇ ਮੋਹਰ ਲਗਾ ਕੇ ਅੱਗੇ ਭੇਜ ਦਿੱਤਾ। ਮਗਰ ਮੁੜ ਉਸਨੂੰ ਦਸਤਾਵੇਜ਼ਾਂ ਦੀ ਜਾਂਚ ਦੇ ਨਾਂ ‘ਤੇ ਵਾਪਿਸ ਬੁਲਾ ਲਿਆ ਗਿਆ।
ਇਸ ਦੌਰਾਨ ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਵੱਲੋਂ ਪਹਿਨੇ ਨਿਹੰਗ ਸਿੰਘ ਦੇ ਬਾਣੇ ਅਤੇ ਦਾੜੀ ਤੋਂ ਇਲਾਵਾ ਧਾਰਣ ਕੀਤੇ ਕ੍ਰਿਪਾਨ, ਕੜਾ ਤੇ ਹੋਰਨਾਂ ਸ਼ਸ਼ਤਰਾਂ ਸਬੰਧੀ ਵਾਰ-ਵਾਰ ਸਿੱਖੀ ਨਾਲ ਸਬੰਧਿਤ ਸਵਾਲ ਪੁੱਛੇ ਗਏ। ਜਿਸ ਨਾਲ ਉਸਦੇ ਮਨ ਨੂੰ ਭਾਰੀ ਠੇਸ ਪਹੁੰਚੀ। ਇਸ ਦੌਰਾਨ ਉਸਨੂੰ ਕਰੀਬ 8 ਘੰਟਿਆ ਤੱਕ ਬੇਵਜ੍ਹਾ ਇਕ ਕਮਰੇ ‘ਚ ਬਿਨ੍ਹਾਂ ਪਾਣੀ ਅਤੇ ਪੱਖੇ ਤੋਂ ਬੈਠਾ ਕੇ ਰੱਖਿਆ ਗਿਆ। ਨਿਹੰਗ ਸਿੰਘ ਨੇ ਦੱਸਿਆ ਕਿ ਉਸਨੂੰ ਵਾਪਸੀ ਭੇਜੇ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਤੇ ਨਾ ਹੀ ਵਾਪਸੀ ਦੀ ਮੋਹਰ ਲਗਾਈ।
ਉਸਨੇ ਦੱਸਿਆ ਕਿ ਉਕਤ ਜਥੇ ਦੇ ਸਮੁੱਚੇ ਸ਼ਰਧਾਲੂਆਂ ਨੂੰ ਸ਼ਾਮੀਂ ਕਰੀਬ ਸਾਢੇ 4 ਵਜੇ ਪਾਕਿਸਤਾਨ ਰਵਾਨਾ ਕਰਨ ਤੋਂ ਬਾਅਦ ਉਸਨੂੰ ਵਾਪਿਸ ਭਾਰਤ ਭੇਜ ਦਿੱਤਾ ਗਿਆ। ਇਸ ਦੌਰਾਨ ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਉਸਦੇ ਪਾਸਪੋਰਟ ‘ਤੇ ਵਾਪਿਸੀ ਦੀ ਵੀ ਕੋਈ ਮੋਹਰ ਨਹੀਂ ਲਗਾਈ ਗਈ। ਇਸ ਸਬੰਧੀ ਜਦੋਂ ਉਨ੍ਹਾਂ ਮੁੜ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੁਹਾਡੇ ਸਮੁੱਚੇ ਦਸਤਾਵੇਜ਼ ਸਹੀ ਸਨ ਤਦ ਹੀ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਸੀ। ਸਿੱਖ ਸਰਧਾਲੂ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਪਿਸ ਭਾਰਤ ਭੇਜਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਜਦਕਿ ਜਾਂਚ ਦੇ ਨਾਂ ‘ਤੇ ਕੇਵਲ ਪ੍ਰੇਸ਼ਾਨ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕਾਇਦਾ ਪਾਕਿਸਤਾਨ ਸਰਕਾਰ ਵੱਲੋਂ ਸਮੁੱਚੀ ਪੁਲਸ ਤੇ ਹੋਰ ਜਾਂਚ ਪੜ੍ਹਤਾਲ ਉਪਰੰਤ ਉਸਨੂੰ ਵੀਜ਼ਾ ਜਾਰੀ ਕੀਤਾ ਗਿਆ ਸੀ। ਮਗਰ ਉਕਤ ਅਧਿਕਾਰੀਆਂ ਦੀ ਇਸ ਪੁਛ ਪੜਤਾਲ ਦੌਰਾਨ ਉਸਨੂੰ ਇਸ ਪ੍ਰਕਾਰ ਨਾਲ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਵੇਂ ਉਹ ਕੋਈ ਮੁਲਜ਼ਮ ਜਾਂ ਅੱਤਵਾਦੀ ਹੋਵੇ।