ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀਟੀਆਈ) ਦੇ ਨੇਤਾ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਸਾਈਫਰ ਮਾਮਲੇ ‘ਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੰਗਲਵਾਰ ਨੂੰ ਰਾਵਲਪਿੰਡੀ ਦੀ ਵਿਸ਼ੇਸ਼ ਅਦਾਲਤ ਦੇ ਜੱਜ ਨੇ ਅਦਿਆਲਾ ਜੇਲ੍ਹ ਵਿੱਚ ਇਹ ਐਲਾਨ ਕੀਤਾ। ਜੱਜ ਅਬੁਲ ਹਸਨਤ ਜੁਲਕਰਨੈਨ ਨੇ ਇਮਰਾਨ ਅਤੇ ਕੁਰੈਸ਼ੀ ਦੀ ਮੌਜੂਦਗੀ ‘ਚ ਇਹ ਫੈਸਲਾ ਸੁਣਾਇਆ। ਇਸ ਕੇਸ ਦੀ ਸੁਣਵਾਈ ਪਿਛਲੇ ਸਾਲ ਤੋਂ ਅਦਿਆਲਾ ਜੇਲ੍ਹ ਵਿੱਚ ਚੱਲ ਰਹੀ ਹੈ।
ਸੁਣਵਾਈ ਦੌਰਾਨ ਜੱਜ ਜ਼ੁਲਕਰਨੈਨ ਨੇ ਪੀਟੀਆਈ ਆਗੂਆਂ ਨੂੰ ਕਿਹਾ ਕਿ ਉਨ੍ਹਾਂ ਦੇ ਵਕੀਲ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਨ ਅਤੇ ਉਨ੍ਹਾਂ ਨੂੰ ਸਰਕਾਰੀ ਵਕੀਲ ਦਿੱਤੇ ਗਏ ਸਨ। ਅਦਾਲਤ ਨੇ ਇਹ ਵੀ ਕਿਹਾ ਕਿ ਕੁਰੈਸ਼ੀ ਅਤੇ ਇਮਰਾਨ ਨੂੰ ਧਾਰਾ 342 ਤਹਿਤ ਸਵਾਲ ਪੁੱਛੇ ਗਏ ਸਨ। ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਵਕੀਲ ਮੌਜੂਦ ਨਹੀਂ ਸੀ ਇਸ ਲਈ ਉਹ ਆਪਣਾ ਬਿਆਨ ਦਰਜ ਨਹੀਂ ਕਰਵਾ ਸਕੇ।
ਦੱਸ ਦਈਏ ਕਿ ਪਾਕਿਸਤਾਨ ਵਿੱਚ 8 ਫਰਵਰੀ ਨੂੰ ਆਮ ਚੋਣਾਂ ਹਨ। ਅਜਿਹੇ ‘ਚ ਕਰੀਬ ਇਕ ਹਫਤਾ ਪਹਿਲਾਂ ਲਿਆ ਗਿਆ ਇਹ ਫੈਸਲਾ ਇਮਰਾਨ ਦੇ ਸਿਆਸੀ ਕਰੀਅਰ ਲਈ ਖਤਰਨਾਕ ਹੋ ਸਕਦਾ ਹੈ।
ਅਪ੍ਰੈਲ 2022 ਵਿਚ ਸਰਕਾਰ ਦੇ ਡਿੱਗਣ ਤੋਂ ਬਾਅਦ, ਇਮਰਾਨ ਨੇ ਲਗਾਤਾਰ ਦਾਅਵਾ ਕੀਤਾ ਕਿ ਅਮਰੀਕਾ ਅਤੇ ਉਸ ਸਮੇਂ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚੀ ਸੀ। ਖਾਨ ਦਾ ਇਲਜ਼ਾਮ ਹੈ ਕਿ ਉਸ ਨੂੰ ਇਸ ਸਾਜਿਸ਼ ਦੀ ਜਾਣਕਾਰੀ ਅਮਰੀਕਾ ਵਿੱਚ ਤਤਕਾਲੀ ਪਾਕਿਸਤਾਨੀ ਰਾਜਦੂਤ ਅਸਦ ਮਜੀਦ ਖਾਨ ਨੇ ਇੱਕ ਗੁਪਤ ਪੱਤਰ ਰਾਹੀਂ ਦਿੱਤੀ ਸੀ। ਕੂਟਨੀਤਕ ਸ਼ਬਦਾਂ ਵਿਚ ਇਸ ਪੱਤਰ ਨੂੰ ਸਾਈਫਰ ਕਿਹਾ ਜਾਂਦਾ ਹੈ।
ਇਹ ਸਾਈਫਰ ਅਮਰੀਕੀ ਵਿਦੇਸ਼ ਵਿਭਾਗ ਯਾਨੀ ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਭੇਜਿਆ ਗਿਆ ਸੀ। ਇਮਰਾਨ ਨੂੰ ਸਾਲ 2022 ‘ਚ ਕਈ ਚੋਣ ਰੈਲੀਆਂ ‘ਚ ਇਸ ਚਿੱਠੀ ਨੂੰ ਲਹਿਰਾਉਂਦੇ ਦੇਖਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਦੇ ਇਸ਼ਾਰੇ ‘ਤੇ ਫ਼ੌਜ ਨੇ ਡੇਗ ਦਿੱਤੀ ਸੀ। ਕਾਨੂੰਨੀ ਤੌਰ ‘ਤੇ, ਇਹ ਪੱਤਰ ਇਕ ਰਾਸ਼ਟਰੀ ਰਾਜ਼ ਹੈ, ਜਿਸ ਨੂੰ ਜਨਤਕ ਸਥਾਨ ‘ਤੇ ਨਹੀਂ ਦਿਖਾਇਆ ਜਾ ਸਕਦਾ ਸੀ।
ਇਸ ਤੋਂ ਇਲਾਵਾ ਖਾਨ ਦੀ ਇੱਕ ਆਡੀਓ ਟੇਪ ਵੀ ਵਾਇਰਲ ਹੋਈ ਸੀ। ਇਸ ਵਿੱਚ ਇਮਰਾਨ, ਤਤਕਾਲੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਮੁੱਖ ਸਕੱਤਰ ਆਜ਼ਮ ਖਾਨ ਦੀਆਂ ਆਵਾਜ਼ਾਂ ਸਨ। ਫੋਰੈਂਸਿਕ ਜਾਂਚ ਨੇ ਸਾਬਤ ਕੀਤਾ ਕਿ ਆਡੀਓ ਅਸਲੀ ਸੀ ਅਤੇ ਇਸ ਨਾਲ ਛੇੜਛਾੜ ਨਹੀਂ ਕੀਤੀ ਗਈ ਸੀ। ਟੇਪ ਵਿੱਚ ਖਾਨ ਕੁਰੈਸ਼ੀ ਅਤੇ ਆਜ਼ਮ ਨੂੰ ਕਹਿੰਦਾ ਹੈ – ਹੁਣ ਅਸੀਂ ਰੈਲੀਆਂ ਵਿੱਚ ਦਿਖਾ ਕੇ ਇਸ ਸਾਈਫਰ ਨਾਲ ਖੇਡਾਂਗੇ।
ਨਾਲ ਹੀ ਇਮਰਾਨ ਖਾਨ ਨੂੰ 5 ਅਗਸਤ 2023 ਨੂੰ ਤੋਸ਼ਾਖਾਨਾ ਕੇਸ ਵਿੱਚ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸਲਾਮਾਬਾਦ ਦੀ ਹੇਠਲੀ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਖਾਨ ‘ਤੇ 5 ਸਾਲ ਲਈ ਚੋਣ ਲੜਨ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਲਾਹੌਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਇਸਤੋਂ ਇਲਾਵਾ ਖਾਨ ਖਿਲਾਫ 15 ਮਾਮਲੇ ਦਰਜ ਹਨ, ਜਿਨ੍ਹਾਂ ‘ਚ ਉਸ ਦੀ ਗ੍ਰਿਫਤਾਰੀ ਤੈਅ ਮੰਨੀ ਜਾ ਰਹੀ ਹੈ। ਇਸ ਵਿੱਚ 9 ਮਈ 2022 ਨੂੰ ਫੌਜੀ ਟਿਕਾਣਿਆਂ ‘ਤੇ ਹਮਲੇ ਦਾ ਮਾਮਲਾ ਵੀ ਸ਼ਾਮਲ ਹੈ। ਇਸ ਦੀ ਸੁਣਵਾਈ ਫੌਜੀ ਅਦਾਲਤ ਵਿੱਚ ਹੋਣੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਲਈ ਮੁਫਤ ਜ਼ਮੀਨ ਲੈਣ ਦਾ ਵੀ ਮਾਮਲਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਚਾਰਜਸ਼ੀਟ ਵੀ ਦਾਖ਼ਲ ਨਹੀਂ ਕੀਤੀ ਗਈ। ਕੁਰੈਸ਼ੀ ‘ਤੇ ਵੀ ਕਈ ਮਾਮਲੇ ਦਰਜ ਹਨ।