ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਹਵਾ ਪ੍ਰਦੂਸ਼ਣ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਧੂੰਏਂ ਤੋਂ ਪ੍ਰਭਾਵਿਤ ਸ਼ਹਿਰਾਂ ਲਾਹੌਰ ਅਤੇ ਮੁਲਤਾਨ ਵਿੱਚ ਸਿਹਤ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਸੂਬਾ ਸਰਕਾਰ ਨੇ ਮੰਨਿਆ ਹੈ ਕਿ ਧੂੰਏਂ ਕਾਰਨ ਹਰ ਉਮਰ ਦੇ ਲੋਕਾਂ ਵਿੱਚ ਪ੍ਰਦੂਸ਼ਣ ਨਾਲ ਸਬੰਧਤ ਬਿਮਾਰੀਆਂ ਤੇਜ਼ੀ ਨਾਲ ਵਧੀਆਂ ਹਨ। ਪੰਜਾਬ ਸਰਕਾਰ ਵਿੱਚ ਸੀਨੀਅਰ ਮੰਤਰੀ ਮਰੀਅਮ ਔਰੰਗਜ਼ੇਬ ਨੇ ਸ਼ੁੱਕਰਵਾਰ ਨੂੰ ਲਾਹੌਰ ਵਿੱਚ ਕਿਹਾ ਕਿ ਧੂੰਏਂ ਦਾ ਮੁੱਦਾ ਸਿਹਤ ਸੰਕਟ ਵਿੱਚ ਬਦਲ ਗਿਆ ਹੈ। ਔਰੰਗਜ਼ੇਬ ਨੇ ਪੰਜਾਬ ਸਰਕਾਰ ਦੀ 10 ਸਾਲਾ ਜਲਵਾਯੂ ਤਬਦੀਲੀ ਨੀਤੀ ਦਾ ਵੀ ਐਲਾਨ ਕੀਤਾ ਹੈ। ਹੜ੍ਹ, ਕੁਦਰਤੀ ਆਫ਼ਤਾਂ, ਪੁਨਰਵਾਸ ਵਰਗੇ ਮੁੱਦੇ ਇਸ ਨੀਤੀ ਵਿੱਚ ਸ਼ਾਮਲ ਹਨ।
ਰਿਪੋਰਟ ਮੁਤਾਬਕ ਪੰਜਾਬ ਦੇ ਕਈ ਸ਼ਹਿਰ ਪਿਛਲੇ ਕੁਝ ਹਫ਼ਤਿਆਂ ਤੋਂ ਜ਼ਹਿਰੀਲੇ ਧੂੰਏਂ ਦੀ ਲਪੇਟ ਵਿੱਚ ਹਨ। ਪੰਜਾਬ ਦੀ ਰਾਜਧਾਨੀ ਲਾਹੌਰ ਅਤੇ ਮੁਲਤਾਨ ਪ੍ਰਦੂਸ਼ਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਮੁਲਤਾਨ ਵਿੱਚ AQI ਰੀਡਿੰਗ ਦੋ ਵਾਰ 2,000 ਨੂੰ ਪਾਰ ਕਰ ਗਈ ਹੈ, ਜੋ ਕਿ ਹਵਾ ਪ੍ਰਦੂਸ਼ਣ ਲਈ ਇੱਕ ਨਵਾਂ ਰਿਕਾਰਡ ਹੈ। ਲਾਹੌਰ ਦਾ ਏਅਰ ਕੁਆਲਿਟੀ ਇੰਡੈਕਸ (AQI) ਵੀ ਬਹੁਤ ਮਾੜਾ ਹੈ। ਲਾਹੌਰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਬਣਿਆ ਹੋਇਆ ਹੈ।