‘ਇੰਦਰਾ ਗਾਂਧੀ ਪਿਆਰੀ ਭੈਣ ਸੁੱਖ ਸਨਮਾਨ ਨਿਧੀ ਯੋਜਨਾ’ ਤਹਿਤ ਹਿਮਾਚਲ ਪ੍ਰਦੇਸ਼ ‘ਚ ਇੱਕ ਪਰਿਵਾਰ ਦੀ ਔਰਤ ਨੂੰ 1500 ਮਹੀਨੇਵਾਰ ਪੈਨਸ਼ਨ ਦੀ ਸਹੂਲਤ ਦਾ ਲਾਭ ਮਿਲੇਗਾ। ਇਹ ਜਾਣਕਾਰੀ ਹਿਮਾਚਲ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸਦਨ ‘ਚ ਸਮਾਜਿਕ ਨਿਆਂ ਮੰਤਰੀ ਧਨੀਰਾਮ ਸ਼ਾਂਡਿਲ ਨੇ ਵਿਧਾਨ ਸਭਾ ਮੈਂਬਰਾਂ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦਿੱਤੀ। ਮੰਤਰੀ ਦੇ ਬਿਆਨ ‘ਤੇ ਸਦਨ ਵਿਚ ਹੰਗਾਮਾ ਮਚ ਗਿਆ। ਵਿਰੋਧੀ ਧਿਰ ਨੇ ਸਰਕਾਰ ‘ਤੇ ਯੋਜਨਾ ਦੇ ਨਾਮ ‘ਤੇ ਠੱਗਣ ਦਾ ਦੋਸ਼ ਲਾਇਆ। ਜ਼ਾਹਰ ਹੈ ਕਿ ਚੋਣਾਂ ਦੌਰਾਨ ਕਾਂਗਰਸ ਨੇ ਕਿਹਾ ਸੀ ਕਿ 18 ਸਾਲ ਤੋਂ 59 ਸਾਲ ਤੱਕ ਦੀ ਹਰ ਔਰਤ ਨੂੰ 1500 ਰੁਪਏ ਦਿੱਤੇ ਜਾਣਗੇ। ਡਾ. ਸ਼ਾਂਡਿਲ ਨੇ ਕਿਹਾ ਕਿ ‘ਇੰਦਰਾ ਪਿਆਰੀ ਭੈਣ ਸੁੱਖ ਸਨਮਾਨ ਨਿਧੀ ਯੋਜਨਾ’ ਤਹਿਤ 28,249 ਔਰਤਾਂ ਨੂੰ 1500 ਦੀ ਮਹੀਨਾਵਾਰ ਪੈਨਸ਼ਨ ਦੀ ਸਹੂਲਤ ਦਾ ਲਾਭ ਦਿੱਤਾ ਜਾ ਰਿਹਾ ਹੈ। 31 ਜੁਲਾਈ 2024 ਤੱਕ ਇਸ ਯੋਜਨਾ ਤਹਿਤ 18 ਸਾਲ ਤੋਂ 59 ਸਾਲ ਤੱਕ ਦੀ ਉਮਰ ਵਰਗ ਦੇ ਕੁੱਲ 7,88,784 ਔਰਤਾਂ ਨੇ ਅਪਲਾਈ ਕੀਤਾ ਹੈ। ਉੱਥੇ ਹੀ ਸਰਕਾਰ ਨੇ ਯੋਜਨਾ ਤਹਿਤ ਔਰਤਾਂ ਨੂੰ ਸਹੂਲਤ ਦੇਣ ਲਈ ਵਿੱਤੀ ਸਾਲ 2024-25 ਵਿਚ 2284.70 ਲੱਖ ਰੁਪਏ ਦੀ ਵਿਵਸਥਾ ਕੀਤੀ ਹੈ।