Monday, September 16, 2024
spot_img

ਪਟਿਆਲਾ : ਮੀਟਰ ਰੀਡਰਾਂ ਤੋਂ ਰਿਸ਼ਵਤ ਲੈਣ ਦੇ ਮਾਮਲੇ ‘ਚ ਪ੍ਰਾਈਵੇਟ ਕੰਪਨੀ ਦਾ ਸੁਪਰਵਾਈਜ਼ਰ ਬਰਖਾਸਤ

Must read

ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਨਿਰਦੇਸ਼ਾਂ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐਸਪੀਸੀਐਲ) ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਗਈ ਮੁਹਿੰਮ ਹੇਠ ਗਿੱਦੜਬਾਹਾ ਵਿਖੇ ਨਿੱਜੀ ਮੀਟਰ ਰੀਡਿੰਗ ਕੰਪਨੀ (ਐਕਸਪਲੋਰ-ਟੈਕ ਸਰਵਿਸਸ ਨਿੱਜੀ ਲਿਮਿਟਡ) ਦੇ ਸੁਪਰਵਾਈਜ਼ਰ ਬਾਲ ਕ੍ਰਿਸ਼ਨ ਵਿਰੁੱਧ ਮੀਟਰ ਰੀਡਰਾਂ ਪਾਸੋਂ ਰੁਪਏ ਮੰਗਣ ਸਬੰਧੀ ਪ੍ਰਾਪਤ ਹੋਈ ਸ਼ਿਕਾਇਤ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਹੋਇਆਂ, ਉਸਨੂੰ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਮੁੱਖ ਇੰਜੀਨੀਅਰ ਇਨਫੋਰਸਮੈਂਟ ਇੰਜ: ਇੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਇੰਜ. ਗਗਨਦੀਪ ਸਿੰਗਲਾ, ਵਧੀਕ ਨਿਗਰਾਨ ਇੰਜੀਨੀਅਰ ਲਾਗੂਕਰਨ – 1 ਬਠਿੰਡਾ ਪਾਸੋਂ ਕਰਵਾਈ ਗਈ ਸੀ। ਇਸ ਦੌਰਾਨ ਕੰਪਨੀ ਅਧੀਨ ਕੰਮ ਕਰਦੇ ਮੀਟਰ ਰੀਡਰਾਂ ਦੇ ਬਿਆਨ, ਉਹਨਾਂ ਪਾਸੋਂ ਪੇਸ਼ ਕੀਤੀ ਗਈ ਆਵਾਜ਼-ਰਿਕਾਰਡ ਅਤੇ ਹੋਰ ਸਬੂਤਾਂ ਨੂੰ ਪੜਤਾਲਿਆ ਗਿਆ। ਪੜਤਾਲ ਦੌਰਾਨ ਮੀਟਰ ਰੀਡਿੰਗ ਕੰਪਨੀ ਦਾ ਸੁਪਰਵਾਈਜ਼ਰ ਬਾਲ ਕ੍ਰਿਸ਼ਨ ਰੀਡਿੰਗ ਡਾਟਾ ਪਾਏ ਜਾਣ ਸਬੰਧੀ ਰਿਸ਼ਵਤ ਲੈਣ ਦਾ ਦੋਸ਼ੀ ਪਾਇਆ ਗਿਆ। ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਹੋਇਆ ਪੀਐਸਪੀਸੀਐਲ ਵੱਲੋਂ ਸੰਬੰਧਿਤ ਸੁਪਰਵਾਈਜ਼ਰ ਨੂੰ ਕੰਪਨੀ ਦੀਆਂ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।

ਇਸ ਮੌਕੇ ਪੀਐਸਪੀਸੀਐਲ ਦੇ ਚੇਅਰਮੈਨ-ਕੰਮ-ਮੈਨੇਜਿੰਗ ਡਾਇਰੈਕਟਰ ਇੰਜ. ਬਲਦੇਵ ਸਿੰਘ ਸਰਾਂ ਨੇ ਸਪਸ਼ਟ ਸ਼ਬਦਾਂ ਵਿੱਚ ਸੰਦੇਸ਼ ਦਿੰਦੇ ਹੋਏ ਕਿਹਾ ਕਿ ਕੋਈ ਵੀ ਅਧਿਕਾਰੀ ਕਰਮਚਾਰੀ ਜਿਹੜਾ ਆਪਣਾ ਕੰਮ ਇਮਾਨਦਾਰੀ ਨਾਲ ਨਾ ਕਰਦਾ ਪਾਇਆ ਗਿਆ, ਉਸਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਕਿਹਾ ਕਿ ਵਿਭਾਗ ਅੰਦਰ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸੁਪਰਵਾਈਜ਼ਰ ਖਿਲਾਫ ਸ਼ਿਕਾਇਤਾਂ ਵਿੱਚ ਤੰਗ ਪਰੇਸ਼ਾਨ ਕਰਨ ਦੇ ਆਰੋਪ ਲੱਗੇ ਸਨ। ਸ਼ਿਕਾਇਤਕਰਤਾਵਾਂ ਮੁਤਾਬਿਕ ਸੁਪਰਵਾਈਜ਼ਰ ਪਾਸੋਂ ਉਹਨਾਂ ਨੂੰ ਪੈਸੇ ਦੇਣ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਹਨਾਂ ਨੇ ਇਸ ਸਬੰਧੀ ਸਬੂਤ ਵੀ ਪੀਐਸਪੀਸੀਐਲ ਕੋਲ ਪੇਸ਼ ਕਰਨ ਸਣੇ ਆਪਣੀ ਸ਼ਿਕਾਇਤ ਵੀ ਦਰਜ ਕਰਵਾਈ ਸੀ।

ਇਸ ਲੜੀ ਹੇਠ, ਆਪਣੇ ਬਿਆਨ ਵਿੱਚ ਜੋਗਿੰਦਰ ਸਿੰਘ ਨਾਂ ਦੇ ਮੀਟਰ ਰੀਡਰ ਨੇ ਖੁਲਾਸਾ ਕੀਤਾ ਸੀ ਕਿ ਉਹਨਾਂ ਵੱਲੋਂ ਸਿਸਟਮ ਵਿੱਚ ਡਾਟਾ ਸ਼ੁਰੂ ਕਰਨਾ ਹੁੰਦਾ ਹੈ ਤੇ ਇਹ ਡਾਟਾ ਸੁਪਰਵਾਈਜ਼ਰ ਬਾਲ ਕ੍ਰਿਸ਼ਨ ਵੱਲੋਂ ਪਾਇਆ ਜਾਂਦਾ ਹੈ, ਲੇਕਿਨ ਸੁਪਰਵਾਈਜ਼ਰ ਵੱਲੋਂ ਡਾਟਾ ਪਾਉਣ ਲਈ ਪੈਸੇ ਮੰਗੇ ਜਾਂਦੇ ਸਨ ਅਤੇ ਇਸ ਲਈ ਦਬਾਅ ਬਣਾਇਆ ਜਾਂਦਾ ਸੀ। ਇੱਥੋਂ ਤੱਕ ਕਿ ਇੱਕ ਬਿਲਿੰਗ ਗਰੁੱਪ ਲਈ 1500 ਤੋਂ 2000 ਰੁਪਏ ਦੀ ਮੰਗ ਕੀਤੀ ਜਾਂਦੀ ਹੈ। ਅੰਤ ਵਿੱਚ ਸਾਨੂੰ ਮਜਬੂਰਨ ਪੈਸੇ ਦੇਣੇ ਪੈਂਦੇ ਹਨ। ਇਸ ਸਬੰਧ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਸੁਪਰਵਾਈਜ਼ਰ ਵੱਲੋਂ ਮੀਟਰ ਰੀਡਰ ਰਜਨੀਸ਼ ਕੁਮਾਰ, ਦੀਪੂ ਰਾਮ, ਮਨਪ੍ਰੀਤ ਸਿੰਘ, ਗੁਰਸ਼ਰਨ, ਲਵਪ੍ਰੀਤ, ਸਤਨਾਮ ਤੋਂ ਵੀ ਪੈਸਿਆਂ ਦੀ ਮੰਗ ਕੀਤੀ ਗਈ। ਜਿਨ੍ਹਾਂ ਨੇ ਇਸ ਸਬੰਧੀ ਆਡੀਓ ਦੀ ਰਿਕਾਰਡਿੰਗ ਵੀ ਪੇਸ਼ ਕੀਤੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article