ਪਟਿਆਲਾ, 21 ਜੁਲਾਈ: ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਬਿਜਲੀ ਦੀ ਨਿਰਵਿਘਨ ਸਪਲਾਈ ਸਬੰਧੀ ਪੰਜਾਬ ਰਾਜ ਬਿਜਲੀ ਨਿਗਮ ਦੇ ਸੀ ਐਮ ਡੀ ਇੰਜ. ਬਲਦੇਵ ਸਿੰਘ ਸਰਾਂ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ ਸਮੇਤ ਲੋਕ ਨਿਰਮਾਣ ਦੇ ਇਲੈਕਟਰੀਕਲ ਵਿੰਗ ਤੇ ਹੋਰ ਅਧਿਕਾਰੀਆਂ ਨਾਲ ਜਾਇਜ਼ਾ ਬੈਠਕ ਕੀਤੀ।ਉਨ੍ਹਾਂ ਕਿਹਾ ਕਿ ਹਸਪਤਾਲ ਵਿਖੇ ਕਿਉਂਕਿ ਮਰੀਜਾਂ ਦੀ ਜਾਨ ਬਚਾਊ ਯੰਤਰ ਬਿਜਲੀ ‘ਤੇ ਹੀ ਚੱਲਦੇ ਹਨ, ਇਸ ਕਰਕੇ ਇਥੇ ਬਿਜਲੀ ਨਹੀਂ ਜਾਣੀ ਚਾਹੀਦੀ, ਜਿਸ ਲਈ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਕੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਮਰੀਜਾਂ ਨੂੰ ਮਿਆਰੀ ਸਿਹਤ ਸਹੂਲਤਾਂ ਯਕੀਨੀ ਤੌਰ ‘ਤੇ ਪ੍ਰਦਾਨ ਕਰਨ ਦੌਰਾਨ ਬਿਜਲੀ ਜਾਣ ਆਦਿ ਦੀਆਂ ਰੁਕਾਵਟਾਂ ਦੂਰ ਕਰਨ ਦੀ ਹਦਾਇਤ ਕੀਤੀ ਗਈ ਹੈ।ਇਸਦੇ ਮੱਦੇਨਜਰ ਬਿਜਲੀ ਨਿਗਮ ਵਲੋੰ ਰਜਿੰਦਰਾ ਹਸਪਤਾਲ ਨੂੰ ਬਿਜਲੀ ਸਪਲਾਈ ਲਈ ਪਹਿਲਾਂ ਪਈਆਂ 66-66 ਕੇ.ਵੀ. ਦੀਆਂ ਦੋ ਲਾਇਨਾਂ ਦੇ ਨਾਲ ਗਰਿੱਡ ਤੋਂ 11 ਕੇ.ਵੀ. ਦੀ ਇੱਕ ਹੋਰ ਵਾਧੂ ਲਾਈਨ ਪਾਈ ਜਾਵੇਗੀ ਤਾਂ ਕਿ ਭਵਿੱਖ ਵਿੱਚ ਬਿਜਲੀ ਸਪਲਾਈ ਨਿਰਵਿਘਨ ਜਾਰੀ ਰੱਖਣ ‘ਚ ਕੋਈ ਦਿੱਕਤ ਨਾ ਆਵੇ। ਮੀਟਿੰਗ ਦੌਰਾਨ ਡਾ. ਬਲਬੀਰ ਸਿੰਘ ਨੇ ਹਸਪਤਾਲ ਵਿਖੇ ਦੋ ਦਰਜਨ ਦੇ ਕਰੀਬ ਜੈਨਰੇਟਰਾਂ ਨੂੰ ਐਮਰਜੈਂਸੀ ਸਮੇਂ ਵਰਤਣ ਲਈ ਲੋੜੀਂਦਾ ਵਾਧੂ ਡੀਜਲ ਜਮ੍ਹਾਂ ਰੱਖਣ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਬਿਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਇਲੈਕਟਰੀਕਲ ਵਿੰਗ ਅਤੇ ਪੰਜਾਬ ਰਾਜ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਸਾਂਝੀ ਟੀਮ ਬਣਾ ਕੇ ਹਸਪਤਾਲ ਦੀ ਬਿਜਲੀ ਸਪਲਾਈ ਬਾਬਤ ਕਮੀਆਂ ਦਾ ਪਤਾ ਲਗਾਉਣ ਲਈ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸੇ ਦੌਰਾਨ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜ ਦੀ ਐਨਸਥੀਸੀਆ ਵਿਭਾਗ ਦੀ ਤੀਜੇ ਸਾਲ ਦੀ ਜੂਨੀਅਰ ਰੈਜੀਡੈਂਟ ਸੁਭਾਸ਼ਨੀ ਦੀ ਅਚਨਚੇਤ ਹੋਈ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੱਸਿਆ ਕਿ ਉਨ੍ਹ੍ਹਾਂ ਨੇ ਵਿਦਿਆਰਥਣ ਦੇ ਤਮਿਲਨਾਡੂ ਤੋਂ ਆਏ ਮਾਪਿਆਂ ਨਾਲ ਵੀ ਮਿਲਕੇ ਆਪਣੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਮੈਡੀਕਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੇ ਹੋਰ ਮਸਲਿਆਂ ਦੇ ਹੱਲ ਲਈ ਕਾਲਜ ਵਿੱਚ ਇੱਕ ਕਮੇਟੀ ਵੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਜਦਕਿ ਕਾਲਜ ਦੇ ਡਾਇੲੈਕਟਰ ਪ੍ਰਿੰਸੀਪਲ ਨੂੰ ਜੂਨੀਅਰ ਰੈਜੀਡੈਂਟ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵੀ ਇੱਕ ਵੱਖਰੀ ਕਮੇਟੀ ਗਠਿਤ ਕਰਨ ਦੇ ਆਦੇਸ਼ ਦਿੱਤੇ ਹਨ। ਬੈਠਕ ਦੌਰਾਨ ਏ. ਡੀ. ਸੀ (ਜ) ਕੰਚਨ, ਪੀ.ਐਸ.ਪੀ.ਸੀ.ਐਲ ਦੇ ਡਾਇਰੈਕਟਰ ਵੰਡ ਡੀ.ਪੀ.ਐਸ ਗਰੇਵਾਲ, ਕਰਨਲ ਜੇ.ਵੀ. ਸਿੰਘ, ਲੋਕ ਨਿਰਮਾਣ ਦੇ ਇਲੈਕਟਰੀਕਲ ਵਿੰਗ ਤੇ ਬਿਜਲੀ ਨਿਗਮ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।