ਸਮਰਾਲਾ,13 ਜੁਲਾਈ : ਨਹਿੰਗ ਸਿੰਘਾਂ ਦਾ ਬਾਣਾ ਪਾ ਕੇ ਸ਼ਰਾਰਤੀ ਅਨਸਰਾਂ ਵਲੋਂ ਨਸ਼ਾ ਵੇਚਣ ਅਤੇ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਘਟਨਾਵਾਂ ਆਮ ਦੇਖਣ ਨੂੰ ਮਿਲਦੀਆਂ ਹਨ।
ਇਹਨਾਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਸਮਰਾਲਾ ਵਿਖੇ ਹਲਕਾ ਸਮਰਾਲੇ ਦੀਆਂ ਨਹਿੰਗ ਜਥੇਬੰਦੀਆਂ ਨੇ ਮਾਛੀਵਾੜਾ ਰੋਡ ਦੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਵਿਖੇ ਮੀਟਿੰਗ ਕੀਤੀ। ਜਿਸ ਵਿੱਚ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਜਾਂ ਤਾਂ ਉਹ ਇਹ ਧਾਰਮਿਕ ਬਾਣਾ ਉਤਾਰ ਦੇਣ ਜਾਂ ਉਹ ਸੁਧਰ ਜਾਣ ਨਹੀਂ ਤਾਂ ਉਹਨਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ। ਇਹਨਾਂ ਸ਼ਰਾਰਤੀ ਅਨਸਰਾਂ ਤੇ ਪਹਿਲਾਂ ਨਹਿੰਗ ਸਿੰਘ ਜਥੇਬੰਦੀਆਂ ਆਪਣੇ ਵਲੋਂ ਕਾਰਵਾਈ ਕਰਨਗੀਆਂ ਅਤੇ ਬਾਅਦ ਵਿੱਚ ਪੁਲਿਸ ਪ੍ਰਸ਼ਾਸਨ ਵਲੋਂ ਵੀ ਉਹਨਾਂ ਤੇ ਕਾਰਵਾਈ ਕਰਵਾਈ ਜਾਵੇਗੀ। ਨਹਿੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਹਾਲਤ ‘ਚ ਹਲਕਾ ਸਮਰਾਲਾ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਵਾਂਗੇ।
ਇਸ ਮੌਕੇ ਨਹਿੰਗ ਸੁਜਾਨ ਸਿੰਘ ਮਜਾਲੀ ਜਥੇਦਾਰ ਬਾਬਾ ਬੁੱਢਾ ਦਲ ਨੇ ਕਿਹਾ ਕਿ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕਿ ਅੱਜ ਕੱਲ ਕੁਝ ਸਿੰਘ ਨੀਲੇ ਬਾਣੇ ਨੂੰ ਪਾ ਕੇ ਗਲਤ ਕੰਮ, ਨਸ਼ਾ ਵੇਚਣ, ਲੋਕਾਂ ਨਾਲ ਕੁੱਟਮਾਰ ਕਰਨ, ਨਜਾਇਜ਼ ਕਬਜ਼ੇ ਕਰਨ , ਲੋਕਾਂ ਨਾਲ ਕੁੱਟਮਾਰ ਕਰਕੇ ਬਦਮਾਸ਼ੀ ਦੇ ਕੰਮ ਕਰ ਰਹੇ ਹਨ। ਇਹ ਸਾਰੇ ਸ਼ਰਾਰਤੀ ਅਨਸਰ ਨੀਲੇ ਬਾਣੇ ਦੀ ਬਦਨਾਮੀ ਕਰ ਰਹੇ ਹਨ। ਇਹਨਾਂ ਨੂੰ ਰੋਕਣ ਵਾਸਤੇ ਹੀ ਅੱਜ ਅਸੀਂ ਸਾਰੇ ਸਿੰਘ ਇਕੱਠੇ ਹੋਏ ਹਾਂ ਜਿਹੜਾ ਵੀ ਸਿੰਘ ਗੁਰੂ ਮਰਿਆਦਾ ਦੇ ਉਲਟ ਚੱਲ ਕੇ ਇਹੋ ਜਿਹੇ ਕੰਮ ਕਰਦਾ ਹੈ। ਅਸੀਂ ਸਾਰੇ ਉਹਨਾਂ ਦਾ ਸਾਥ ਨਹੀਂ ਦਵਾਂਗੇ। ਇਹਨਾਂ ਨਕਲੀ ਨਹਿੰਗ ਸਿੰਘਾਂ ਨੇ ਕਿਸੇ ਵੀ ਨਹਿੰਗ ਜਥੇਬੰਦੀ ਤੋਂ ਅੰਮ੍ਰਿਤ ਨਹੀਂ ਛਕਿਆ ਹੁੰਦਾ, ਜਦੋਂ ਇਹ ਨਕਲੀ ਸਿੰਘ ਅਜਿਹੀ ਕਾਰਵਾਈ ਕਰਦੇ ਹਨ ਤਾਂ ਮੀਡੀਆ ਵਿੱਚ ਜਦੋਂ ਖਬਰ ਜਾਂਦੀ ਹੈ ਤਾਂ ਨਹਿੰਗ ਸਿੰਘਾਂ ਦੀ ਬਦਨਾਮੀ ਹੁੰਦੀ ਹੈ। ਜਿਸ ਨਾਲ ਮਨ ਨੂੰ ਠੇਸ ਪਹੁੰਚਦੀ ਹੈ। ਅਸੀਂ ਮੀਡੀਆ ਅੱਗੇ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਕੋਈ ਅਜਿਹਾ ਨਹਿੰਗ ਸਿੰਘ ਕੋਈ ਗਲਤ ਕੰਮ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਦੀ ਦਲ ਪੰਥ ਦੀ ਚੰਗੀ ਤਰ੍ਹਾਂ ਪਹਿਚਾਣ ਕੀਤੀ ਜਾਵੇ ਅਤੇ ਉਸਦੇ ਉਸ ਦਲ ਪੰਥ ਦਾ ਨਾਮ ਪਾ ਕੇ ਹੀ ਖਬਰ ਲਗਾਈ ਜਾਵੇ।