ਖੰਨਾ, 27 ਜੁਲਾਈ : ਬੀਤੀ ਰਾਤ ਕਰੀਬ 9 ਵਜੇ ਪਿੰਡ ਬਰਧਾਲਾ ਵਿਖੇ ਸ਼ਰਾਬ ਦੇ ਠੇਕੇ ‘ਤੇ ਬੈਠੇ ਅੰਮ੍ਰਿਤਧਾਰੀ ਵਿਅਕਤੀ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਨੂੰ ਕੁਝ ਨਿਹੰਗਾਂ ਨੇ ਕਾਬੂ ਕਰ ਲਿਆ। ਨਿਹੰਗਾਂ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਦੀ ਵੀਡਿਓ ਬਣਾਈ ਗਈ ਅਤੇ ਉਸਨੂੰ ਬਰਧਾਲਾ ਚੌਂਕੀ ਪੁਲਿਸ ਕੋਲ ਲੈ ਗਏ। ਕਾਬੂ ਕੀਤੇ ਵਿਅਕਤੀ ਨੂੰ ਪੁਲਿਸ ਅਤੇ ਨਿਹੰਗ ਸਿੰਘਾਂ ਵੱਲੋਂ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਉਸਦਾ ਮੁਲਾਹਜਾ ਕਰਵਾਇਆ ਗਿਆ, ਜਿੱਥੇ ਡਾਕਟਰ ਵੱਲੋਂ ਵਿਅਕਤੀ ਦੇ ਮੂੰਹੋ ਸ਼ਰਾਬ ਦੀ ਬਦਬੋ ਆਉਣ ਦੀ ਪੁਸ਼ਟੀ ਕੀਤੀ ਗਈ, ਇੰਨਾ ਹੀ ਨਹੀਂ ਕਾਬੂ ਕੀਤੇ ਗਏ ਅੰਮ੍ਰਿਤਧਾਰੀ ਵਿਅਕਤੀ ਨੂੰ ਨਿਹੰਗਾਂ ਵੱਲੋਂ ਹਸਪਤਾਲ ਦੇ ਬਾਹਰ ਹੀ ਸ੍ਰੀ ਸਾਹਿਬ ਅਤੇ ਬਾਕੀ ਕਕਰਾਰਾਂ ਨੂੰ ਉਤਾਰਿਆ ਗਿਆ। ਬਾਅਦ ਦੇ ਵਿੱਚ ਕਾਬੂ ਕੀਤੇ ਗਏ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਇਸ ਮੌਕੇ ਹਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਮਰਾਲਾ ਦੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਵਿਖੇ ਹਲਕਾ ਸਮਰਾਲਾ ਦੀਆਂ ਨਿਹੰਗ ਜਥੇਬੰਦੀਆਂ ਦੀ ਇੱਕ ਵੱਡੀ ਮੀਟਿੰਗ ਹੋਈ ਸੀ। ਜਿਸ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਕੋਈ ਅੰਮ੍ਰਿਤਧਾਰੀ ਵਿਅਕਤੀ ਜਾਂ ਨਿਹੰਗਾਂ ਦਾ ਨੀਲਾ ਬਾਣਾ ਪਾਉਣ ਵਾਲਾ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਜਾਂ ਨਸ਼ਾ ਵੇਚਦਾ, ਗੁੰਡਾਗਰਦੀ ਜਾ ਕੋਈ ਵੀ ਅਪਰਾਧ ਕਰਦਾ ਪਾਇਆ ਜਾਂਦਾ ਹੈ ਤਾਂ ਅਸੀਂ ਉਸ ‘ਤੇ ਨਿਹੰਗ ਸਿੰਘਾਂ ਵੱਲੋਂ ਵੱਡੀ ਕਾਰਵਾਈ ਕੀਤੀ ਜਾਵੇਗੀ। ਜੋ ਅਸੀਂ ਅੱਜ ਕੀਤਾ ਹੈ। ਹਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਾਨੂੰ ਸੂਤਰਾਂ ਤੋਂ ਪਤਾ ਲੱਗਾ ਕਿ ਪਿੰਡ ਬਰਧਾਲਾ ਦੀ ਸ਼ਰਾਬ ਦੀ ਦੁਕਾਨ ‘ਤੇ ਇਕ ਅੰਮ੍ਰਿਤਧਾਰੀ ਸਿੱਖ ਵਿਅਕਤੀ ਨਸ਼ੇ ਦੀ ਹਾਲਤ ‘ਚ ਹੈ, ਜਿਸ ਦੀ ਸੂਚਨਾ ਮਿਲਦਿਆਂ ਹੀ ਅਸੀਂ ਮੌਕੇ ‘ਤੇ ਪਹੁੰਚ ਕੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਕਾਬੂ ਕੀਤੇ ਗਏ ਵਿਅਕਤੀ ਨਾਲ ਦੋ ਪ੍ਰਵਾਸੀ ਵਿਅਕਤੀ ਵੀ ਸੀ ਅਤੇ ਉਹ ਵੀ ਸ਼ਰਾਬ ਦੇ ਨਸ਼ੇ ਵਿਚ ਸੀ, ਕਾਬੂ ਕੀਤੇ ਗਏ ਵਿਅਕਤੀ ਦਾ ਨਾਮ ਬਲਵਿੰਦਰ ਸਿੰਘ ਵਾਸੀ ਰਤਨਗੜ੍ਹ ਜ਼ਿਲ੍ਹਾ ਕੁਰੂਕਸ਼ੇਤਰ ਹੈ ਅਤੇ ਉਸ ਤੋਂ ਬਾਅਦ ਅਸੀਂ ਉਸ ਨੂੰ ਬਰਧਾਲਾ ਚੌਕੀ ਲੈ ਗਏ। ਕਾਬੂ ਕੀਤੇ ਵਿਅਕਤੀ ਨੂੰ ਪੁਲਿਸ ਦੀ ਮੌਜੂਦਗੀ ਵਿੱਚ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ। ਸਿਵਲ ਹਸਪਤਾਲ ਦੇ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਕੁਝ ਨਿਹੰਗਾਂ ਸਿੰਘਾਂ ਅਤੇ ਪੁਲਸ ਵੱਲੋਂ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਸੀ। ਜਿਸ ਵਿਅਕਤੀ ਦੇ ਮੂੰਹ ‘ਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ। ਉਨ੍ਹਾਂ ਦਾ ਖੂਨ ਟੈਸਟ ਕਰਵਾਇਆ ਗਿਆ। ਖਾਲਸਾ ਨੇ ਕਿਹਾ ਕਿ ਫੜੇ ਗਏ ਵਿਅਕਤੀ ਦੀ ਉਮਰ ਨੂੰ ਦੇਖਦੇ ਹੋਏ ਅਸੀਂ ਉਸ ਨੂੰ ਪੁਲਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਅਤੇ ਹੁਣ ਪੁਲਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇਗੀ।