ਜਗਰਾਓਂ, 9 ਅਗਸਤ : ਜਗਰਾਉਂ ਵਿੱਚ ਅੱਜ ਫਿਰ ਇੱਕ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਜਗਰਾਓ ਦੇ ਪਿੰਡ ਬੜ-ਸਾਲ ਤੋਂ ਨਿਕਲਦੇ ਸਮੇਂ ਸਕੂਲ ਬੱਸ ਕੰਧ ਨਾਲ ਟਕਰਾ ਗਈ। ਸਕੂਲ ਬੱਸ ‘ਚ 15-16 ਬੱਚੇ ਲੈ ਕੇ ਪਿੰਡ ਬੁਚਕਰ ਪਹੁੰਚੇ।ਹਾਦਸੇ ਵਿੱਚ ਸਕੂਲੀ ਬੱਚੇ ਵਾਲ ਵਾਲ ਬਚ ਗਏ। ਟੱਕਰ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਘਰਾਂ ‘ਚੋਂ ਬਾਹਰ ਆ ਗਏ। ਲੋਕਾਂ ਨੇ ਪਹਿਲਾਂ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ ਅਤੇ ਫਿਰ ਡਰਾਈਵਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ’ਤੇ ਪੁੱਜੀ ਅਤੇ ਸ਼ਰਾਬੀ ਬੱਸ ਚਾਲਕ ਨੂੰ ਕਾਬੂ ਕਰ ਲਿਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਜਗਰਾਉਂ ਦੇ ਨਿੱਜੀ ਸਕੂਲ ਦੇ ਬੱਸ ਡਰਾਈਵਰ ਨੇ ਸ਼ਰਾਬ ਪੀ ਕੇ ਬੱਸ ਨੂੰ ਦਰੱਖਤ ਨਾਲ ਟਕਰਾ ਦਿੱਤਾ ਸੀ। ਇਸ ਹਾਦਸੇ ‘ਚ 7 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਕਈ ਬੱਚੇ ਜ਼ਖਮੀ ਵੀ ਹੋਏ ਹਨ।