‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਵਿੱਚ ਵੱਡੀ ਕਾਰਵਾਈ ਚੱਲ ਰਹੀ ਹੈ। ਅੱਜ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਨਸ਼ਿਆਂ ਵਿਰੁੱਧ ਕਾਰਵਾਈ ਕੀਤੀ ਗਈ। ਮੰਡੀ ਗੋਬਿੰਦਗੜ੍ਹ ਦੀ ਢੇਹਾ ਕਲੋਨੀ ਵਿੱਚ ਇੱਕ ਮਹਿਲਾ ਤਸਕਰ ਦਾ ਘਰ ਢਾਹ ਦਿੱਤਾ ਗਿਆ। ਐਸਐਸਪੀ ਸ਼ੁਭਮ ਅਗਰਵਾਲ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਜੇਸੀਬੀ ਦੀ ਮਦਦ ਨਾਲ ਨਸ਼ਾ ਤਸਕਰ ਦੇ ਘਰ ਨੂੰ ਢਾਹ ਦਿੱਤਾ ਗਿਆ। ਇਸ ਜਾਇਦਾਦ ‘ਤੇ ਕੁਝ ਦਿਨ ਪਹਿਲਾਂ ਨੋਟਿਸ ਲਗਾਇਆ ਗਿਆ ਸੀ ਅਤੇ ਸਬੰਧਿਤ ਜਾਇਦਾਦ ਮਾਲਕ ਨੂੰ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਸੀ ਪਰ ਜਦੋਂ ਉਹ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕਿਆ ਤਾਂ ਪੁਲਿਸ ਅੱਜ ਜੇਸੀਬੀ ਲੈ ਕੇ ਪਹੁੰਚੀ।
ਦੂਜੇ ਪਾਸੇ ਮਕਾਨ ਮਾਲਕਨ ਸਲੋਚਨਾ ਦੇਵੀ ਨੇ ਕਾਰਵਾਈ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਉਹ 50 ਸਾਲ ਤੋਂ ਕਬਾੜ ਦਾ ਕੰਮ ਕਰਦੀ ਹੈ। ਉਸ ਦਾ ਦੋਸ਼ ਹੈ ਕਿ ਕਾਲੋਨੀ ਵਿਚ ਬਹੁਤ ਸਾਰੇ ਲੋਕ ਨਸ਼ਾ ਵੇਚਦੇ ਹਨ,ਉਨ੍ਹਾਂ ਸਾਰਿਆਂ ਦੇ ਘਰਾਂ ‘ਤੇ ਨੋਟਿਸ ਲੱਗੇ ਹਨ ਪਰ ਸਿਰਫ ਉਸੇ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।