ਲੁਧਿਆਣਾ। ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਧੰਦੇ ਰਾਹੀਂ ਬਣੀ ਲੱਖਾਂ-ਕਰੋੜਾਂ ਰੁਪਏ ਦੀ ਜਾਇਦਾਦ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਸਖ਼ਤ ਕਾਰਵਾਈ ਜਾਰੀ ਹੈ। ਕਮਿਸ਼ਨਰੇਟ ਪੁਲੀਸ ਨੇ ਛੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਕੇਸਾਂ ਸਮੇਤ 3.93 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਨਸ਼ਾ ਤਸਕਰਾਂ ਦੀ ਜਾਇਦਾਦ ‘ਤੇ ਜਾ ਕੇ ਨੋਟਿਸ ਚਿਪਕਾਏ। ਜਿਸ ਤੋਂ ਬਾਅਦ ਆਮ ਲੋਕਾਂ ਨੂੰ ਵੀ ਇਸ ਬਾਰੇ ਪੂਰੀ ਜਾਣਕਾਰੀ ਮਿਲ ਗਈ ਹੈ।
ਏਸੀਪੀ ਸਾਊਥ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਛੇ ਵੱਖ-ਵੱਖ ਮੁਲਜ਼ਮਾਂ ’ਤੇ ਨਾਜਾਇਜ਼ ਨਸ਼ਾ ਤਸਕਰੀ ਦਾ ਧੰਦਾ ਕਰਨ ਦਾ ਦੋਸ਼ ਹੈ। ਕੁਝ ਦੋਸ਼ੀ ਅਜੇ ਵੀ ਜੇਲ ‘ਚ ਹਨ ਜਦਕਿ ਕੁਝ ਦੋਸ਼ੀ ਜ਼ਮਾਨਤ ‘ਤੇ ਬਾਹਰ ਹਨ। ਪਰ ਪੁਲਿਸ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਜਾਨ ਸਿੰਘ ਵਾਸੀ ਸਿੱਧਵਾਂ ਬੇਟ ਦੇ ਪਿੰਡ ਤਲਵਾੜਾ ਖ਼ਿਲਾਫ਼ ਥਾਣਾ ਸਦਰ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਸੱਠ ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਜਿਸ ਤੋਂ ਬਾਅਦ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਪਿੰਡ ਤਲਵਾੜਾ ਵਿੱਚ 210 ਗਜ਼ ਦਾ ਮਕਾਨ ਬਣਾਇਆ ਹੋਇਆ ਸੀ। ਜਿਸ ਦੀ ਕੀਮਤ ਚੌਵੀ ਲੱਖ ਰੁਪਏ ਹੈ। ਪੁਲੀਸ ਨੇ ਉਸ ਨੂੰ ਕੇਸ ਸਮੇਤ ਫਰੀਜ਼ ਕਰ ਦਿੱਤਾ ਅਤੇ ਨੋਟਿਸ ਚਿਪਕਾਇਆ। ਏ.ਸੀ.ਪੀ ਨੇ ਦੱਸਿਆ ਕਿ ਥਾਣਾ ਸਦਰ ਨੇ ਖੁਦ ਸੰਗਰੂਰ ਦੇ ਪਿੰਡ ਟਿੱਬਾ ਦੇ ਰਹਿਣ ਵਾਲੇ ਗੁਰਜੰਟ ਸਿੰਘ ਅਤੇ ਪਿੰਡ ਝੋਰੜਾਂ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਖਿਲਾਫ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ 52 ਕਿਲੋ ਭੁੱਕੀ ਬਰਾਮਦ ਕੀਤੀ ਸੀ।ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਨਸ਼ਾ ਵੇਚ ਕੇ ਕਰੀਬ 1 ਕਰੋੜ 21.5 ਲੱਖ ਰੁਪਏ ਦੀ ਜਾਇਦਾਦ ਬਣਾਈ ਸੀ। ਜਿਸ ਨੂੰ ਪੁਲਿਸ ਨੇ ਫਰੀਜ਼ ਕਰ ਦਿੱਤਾ ਹੈ।
ਏਸੀਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਮੁਲਜ਼ਮ ਬਿਕਰਮਜੀਤ ਸਿੰਘ ਉਰਫ ਵਿੱਕੀ ਵਾਸੀ ਪਿੰਡ ਕੋਕਰੀ ਬੈਣੀਵਾਲ ਮੋਗਾ, ਪ੍ਰਦੀਪ ਸਿੰਘ ਵਾਸੀ ਪਿੰਡ ਕੁਲਾਰ ਅਤੇ ਜਸਵੀਰ ਸਿੰਘ ਵਾਸੀ ਪਿੰਡ ਭੁੱਲਰਕਲਾਂ ਮੋਗਾ ਖ਼ਿਲਾਫ਼ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਤਿੰਨਾਂ ਦੇ ਕਬਜ਼ੇ ’ਚੋਂ 55 ਕਿਲੋ ਭੁੱਕੀ ਬਰਾਮਦ ਕੀਤੀ ਹੈ। ਜਿਸ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਪਤਾ ਲੱਗਾ ਕਿ ਮੁਲਜ਼ਮਾਂ ਨੇ 1 ਕਰੋੜ 77 ਲੱਖ 20 ਹਜ਼ਾਰ ਰੁਪਏ ਦੀ ਜਾਇਦਾਦ ਬਣਾਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਦੋਸ਼ੀਆਂ ਦੀਆਂ ਸਾਰੀਆਂ ਜਾਇਦਾਦਾਂ ਨੂੰ ਸੀਲ ਕਰ ਲਿਆ ਅਤੇ ਨੋਟਿਸ ਜਾਰੀ ਕਰਕੇ ਉਥੇ ਚਿਪਕਾਇਆ।