ਲੁਧਿਆਣਾ, 21 ਅਗਸਤ: ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਦਿਆਂ ਨਗਰ ਨਿਗਮ ਨੇ ਬੁੱਧਵਾਰ ਨੂੰ ਮਾਡਲ ਟਾਊਨ ਐਕਸਟੈਂਸ਼ਨ ਅਤੇ ਮਾਲੀ ਗੰਜ ਨੇੜੇ ਦੋ ਨਾਜਾਇਜ਼ ਇਮਾਰਤਾਂ ਨੂੰ ਸੀਲ ਕਰ ਦਿੱਤਾ। ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਿਰਦੇਸ਼ਾਂ ‘ਤੇ ਕੀਤੀ ਗਈ ਹੈ। ਅਸਿਸਟੈਂਟ ਟਾਊਨ ਪਲਾਨਰ (ਏ.ਟੀ.ਪੀ. ਜ਼ੋਨ-ਡੀ) ਜਗਦੀਪ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਦੀ ਟੀਮ ਨੂੰ ਨਿਯਮਤ ਨਿਰੀਖਣ ਦੌਰਾਨ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਗੈਰ-ਕਾਨੂੰਨੀ ਉਸਾਰੀ ਬਾਰੇ ਪਤਾ ਲੱਗਾ ਅਤੇ ਬੁੱਧਵਾਰ ਨੂੰ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ।
ਮਾਲੀ ਗੰਜ ਨੇੜੇ ਗੈਰ-ਕਾਨੂੰਨੀ ਇਮਾਰਤ ਬਾਰੇ ਗੱਲ ਕਰਦਿਆਂ ਬਿਲਡਿੰਗ ਇੰਸਪੈਕਟਰ ਨਵਨੀਤ ਖੋਖਰ ਨੇ ਕਿਹਾ ਕਿ ਇਮਾਰਤ ਨੂੰ ਪਹਿਲਾਂ ਵੀ ਸੀਲ ਕਰ ਦਿੱਤਾ ਗਿਆ ਸੀ ਅਤੇ ਮਾਲਕ ਨੂੰ ਉਸਾਰੀ ਦਾ ਕੰਮ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਪਰ ਮਾਲਕ ਨੇ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਏ ਬਿਨਾਂ ਹੀ ਉਸਾਰੀ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ। ਇਸ ਲਈ ਇਮਾਰਤ ਨੂੰ ਮੁੜ ਸੀਲ ਕਰ ਦਿੱਤਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੂੰ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।