ਲੁਧਿਆਣਾ, 13 ਸਤੰਬਰ : ਸ਼ਹਿਰ ਦੇ ਦੱਖਣੀ ਬਾਈਪਾਸ ਪੁਲ ਦੀ ਖਸਤਾਹਾਲ ਹੋਣ ਦੇ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਪੁਲ ਦੀ ਰੀ-ਕਾਰਪੇਟਿੰਗ ‘ਤੇ ਵੀ ਸਵਾਲ ਉਠੇ ਹਨ। ਦੱਖਣੀ ਬਾਈਪਾਸ ‘ਤੇ ਵੱਡੇ ਵੱਡੇ ਟੋਏ ਪੈ ਜਾਣ ਤੋਂ ਬਾਅਦ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲ ਟੁੱਟਣ ਤੋਂ ਬਾਅਦ ਪੁਲ ਦੇ ਵਿੱਚ ਪਾਏ ਸਰੀਏ ਵੀ ਨਜ਼ਰ ਆਉਣ ਲੱਗ ਪਏ ਹਨ ਅਤੇ ਉਸਾਰੀ ਦੀ ਗੁਣਵੱਤਾ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਲੋਕ ਨਿਰਮਾਣ ਵਿਭਾਗ ਵਲੋ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਦਸ ਦੇਈਏ ਕਿ ਇਹ ਸੜਕ ਪ੍ਰੋਜੈਕਟ 2014 ਵਿੱਚ ਸ਼ੁਰੂ ਕੀਤਾ ਗਿਆ ਸੀ। ਹਾਲ ਹੀ ਵਿੱਚ 53 ਕਰੋੜ ਰੁਪਏ ਦੀ ਲਾਗਤ ਨਾਲ ਰੀ-ਕਾਰਪੇਟਿੰਗ ਦਾ ਕੰਮ ਕੀਤਾ ਗਿਆ ਸੀ ਅਤੇ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਵੀ ਇਸੇ ਥਾਂ ’ਤੇ ਟੋਆ ਪੈ ਗਿਆ ਸੀ। ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਮਾਹਿਰਾਂ ਵੱਲੋਂ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਖਾਸ ਤੌਰ ‘ਤੇ ਦੱਖਣੀ ਬਾਈਪਾਸ ਨੂੰ ਭਵਿੱਖ ਦੇ ਹਾਦਸਿਆਂ ਨੂੰ ਰੋਕਣ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਸੁਰੱਖਿਆ ਸਮੀਖਿਆ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪੀਡਬਲਯੂਡੀ ਨੇ ਬਾਈਪਾਸ ਲਈ ਅਜੇ ਤੱਕ ਸੁਰੱਖਿਆ ਆਡਿਟ ਰਿਪੋਰਟ ਪੇਸ਼ ਨਹੀਂ ਕੀਤੀ ਹੈ, ਇਸ ਤੋਂ ਇਲਾਵਾ, ਐਨਐਚਏਆਈ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਨਾਲ ਬਣੇ ਫਲਾਈਓਵਰਾਂ ਅਤੇ ਬਣਤਰਾਂ ਲਈ ਸੁਰੱਖਿਆ ਸਰਟੀਫਿਕੇਟ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਲੋਕ ਨਿਰਮਾਣ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹ ਜਲਦੀ ਹੀ ਖਰਾਬ ਹੋਏ ਹਿੱਸੇ ਦੀ ਮੁਰੰਮਤ ਕਰਨ ਜਾ ਰਹੇ ਹਨ ਅਤੇ ਇਸ ਦਾ ਸਹੀ ਅਧਿਐਨ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਸਮੱਸਿਆ ਨਾ ਆਵੇ।