ਸ਼ਗਨ ਪਾਉਣ ਲਈ ਮੋਗਾ ਤੋਂ ਨਵਾਂ ਸ਼ਹਿਰ ਜਾ ਰਿਹਾ ਸੀ ਪਰਿਵਾਰ
ਖੁਸ਼ੀ ਦਾ ਮਾਹੌਲ ਹੋਇਆ ਗਮਗੀਨ
ਲੁਧਿਆਣਾ, 9 ਸਤੰਬਰ
ਲੁਧਿਆਣਾ ’ਚ ਟੋਲ ਪਲਾਜ਼ਾ ਦੇ ਨੇਡ਼ੇ ਦੱਖਣੀ ਬਾਈਪਾਸ ’ਤੇ ਵੱਡਾ ਹਾਦਸਾ ਹੋ ਗਿਆ। ਮੋਗਾ ਤੋਂ ਆਪਣੇ ਲਡ਼ਕੇ ਦੇ ਸ਼ਗਨ ਲਈ ਪਰਿਵਾਰ ਨਵਾਂ ਸ਼ਹਿਰ ਜਾ ਰਿਹਾ ਸੀ। ਜਿਥੇ 30 ਫੁੱਟ ਉੱਚੇ ਫਲਾਈਓਵਰ ਤੋਂ ਤੇਜ਼ ਰਫ਼ਤਾਰ ਕਾਰ ਸਿੱਧਾ ਥੱਲੇ ਡਿਗ ਗਈ। ਹਾਦਸੇ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਮੋਗਾ ਦੇ ਰਹਿਣ ਵਾਲੇ ਸਨ। ਉਧਰ ਇੱਕ ਬਜ਼ੁਰਗ ਵਿਅਕਤੀ ਜ਼ਖਮੀ ਹੈ, ਜਿਸਨੂੰ ਮੋਗਾ ਦੇ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ।
ਕਾਰ ਤੇਜ਼ ਰਫ਼ਤਾਰ ’ਚ ਸੀ।
ਮੋਗਾ ਤੋਂ ਵਰਨਾ ਕਾਰ ਵਿੱਚ ਸਵਾਰ ਹੋ ਕੇ ਸ਼ਗਨ ਵਾਲੇ ਲਡ਼ਕੇ ਦੀ ਮਾਤਾ, ਉਸਦੀ ਦਾਦੀ, ਦਾਦਾ ਤੇ ਕਾਰ ਚਲਾਉਣ ਵਾਲਾ ਇਸਦਾ ਦੋਸਤ ਸਵੇਰੇ ਨਿਕਲੇ ਸਨ। ਇਸ ਦੌਰਾਨ ਕਾਰ ਦਾ ਸੰਤੁਲਨ ਵਿਗਡ਼ ਗਿਆ। ਸੰਤੁਲਨ ਵਿਗਡ਼ਨ ਨਾਲ ਕਾਰ ਪੁੱਲ ਦੇ ਹੇਠਾਂ ਖੇਤਾਂ ’ਚ ਜਾ ਡਿੱਗੀ। ਹਾਦਸਾ ਹੋਣ ਤੋਂ ਤੁਰੰਤ ਬਾਅਦ ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਐਬੂਲੈਂਸ 108 ਅਤੇ ਪੁਲੀਸ ਕੰਟਰੋਲ ਰੂਮ ਨੂੰ ਇਸਦੀ ਸੂਚਨਾ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਕੁਝ ਦੇਰ ਬਾਅਦ ਮੌਕੇ ’ਤੇ ਥਾਣਾ ਲਾਡੋਵਾਲ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਕਾਰ ਸਵਾਰ ਲੋਕਾਂ ਨੂੰ ਬਾਹਰ ਕੱਢਿਆ। ਮਰਨ ਵਾਲਿਆਂ ’ਚ ਪਿੰਕ ਪ੍ਰੀਤ ਸਿੰਘ, ਕੁਲਵਿੰਦਰ ਕੌਰ ਤੇ ਰਣਜੀਤ ਕੌਰ ਸ਼ਾਮਲ ਹਨ। ਕੁਲਵਿੰਦਰ ਕੌਰ ਤੇ ਰਣਜੀਤ ਕੌਰ ਸੱਸ ਨੂੰਹ ਹਨ। ਗੱਡੀ ਨੂੰ ਪਿੰਕ ਪ੍ਰੀਤ ਚਲਾ ਰਿਹਾ ਸੀ।
ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਆਪਣੇ ਲਡ਼ਕੇ ਦਾ ਸ਼ਗੁਨ ਪਾਉਣ ਲਈ ਨਵਾਂ ਸ਼ਹਿਰ ਜਾ ਰਿਹਾ ਸੀ। ਜਿਸ ਗੱਡੀ ਦਾ ਹਾਦਸਾ ਹੋਇਆ, ਇਸ ਕਾਰ ’ਚ ਸ਼ਗੁਨ ਵਾਲੇ ਲਡ਼ਕੇ ਦਾ ਦੋਸਤ, ਮਾਤਾ, ਦਾਦੀ ਤੇ ਦਾਦਾ ਬੈਠੇ ਸਨ। ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਗਿਆ ਹੈ।