114 ਸਾਲਾਂ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਦੋਸ਼ੀ ਨੂੰ ਅੱਜ ਜਲੰਧਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਦੱਸ ਦੇਈਏ ਕਿ ਫੌਜਾ ਨੂੰ ਨੂੰ 30 ਸਾਲਾ NRI ਅੰਮ੍ਰਿਤਪਾਲ ਸਿੰਘ ਨੇ ਟੱਕਰ ਮਾਰੀ ਸੀ। ਅੰਮ੍ਰਿਤਪਾਲ ਸਿੰਘ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ। ਪੁਲਿਸ ਨੇ ਉਸ ਤੋਂ ਹਾਦਸੇ ਵਿਚ ਵਰਤੀ ਗਈ ਫਾਰਚੂਨਰ ਗੱਡੀ ਵੀ ਬਰਾਮਦ ਕਰ ਲਈ ਹੈ। ਰਾਤ ਨੂੰ ਉਸ ਨੂੰ ਥਾਣੇ ਭੋਗਪੁਰ ਵਿਚ ਲਿਜਾਇਆ ਗਿਆ ਸੀ ਜਿਥੋਂ ਉਸ ਤੋਂ ਪੁੱਛਗਿਛ ਕੀਤੀ ਗਈ।
ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਐੱਸ. ਵਿਰਕ ਨੇ ਦੱਸਿਆ ਕਿ ਚਾਲਕ ਅੰਮ੍ਰਿਤਪਾਲ ਸਿੰਘ ਵਾਸੀ ਦਾਸੂਪੁਰ ਨੂੰ ਉਸ ਦੇ ਘਰੋਂ ਗੱਡੀ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਗੱਡੀ ਦੀ ਪਛਾਣ ਹਾਦਸੇ ਵਾਲੀ ਥਾਂ ਡਿੱਗੀ ਹੈੱਡਲਾਈਟ ਤੇ ਬੰਪਰ ਦੇ ਹਿੱਸੇ ਸਣੇ ਇਸ ਦੇ ਗੁੰਮ ਹੋਏ ਹਿੱਸਿਆਂ ਤੋਂ ਹੋਈ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਥਾਂ ’ਤੇ ਕੋਈ ਸੀਸੀਟੀਵੀ ਨਹੀਂ ਸੀ, ਜਿਸ ਕਰਕੇ ਪੁਲਿਸ ਟੀਮਾਂ ਨੂੰ ਘਟਨਾ ਸਥਾਨ ਦੇ ਨੇੜਲੀਆਂ ਥਾਵਾਂ ਤੋਂ ਸੀਸੀਟੀਵੀ ਫੁਟੇਜ ਇਕੱਠੀ ਕਰਨ ’ਚ ਕਾਫੀ ਸਮਾਂ ਲੱਗਾ।
ਐਸਐਸਪੀ ਨੇ ਅੱਗੇ ਕਿਹਾ ਕਿ ਅਸੀਂ ਮੰਗਲਵਾਰ ਸ਼ਾਮ ਨੂੰ ਗੱਡੀ ਦਾ ਪਤਾ ਲਗਾਇਆ। ਘਟਨਾ ਵੇਲੇ ਉਸ ਜਗ੍ਹਾ ਤੋਂ 40 ਤੋਂ ਵੱਧ ਗੱਡੀਆਂ ਲੰਘੀਆਂ ਸਨ। ਜਦੋਂ ਅਸੀਂ ਸੀਸੀਟੀਵੀ ਦੀ ਭਾਲ ਕੀਤੀ ਤਾਂ ਮੌਕੇ ਤੋਂ ਮਿਲੀ ਫਾਰਚੂਨਰ ਗੱਡੀ ਦਾ ਉਹ ਹਿੱਸਾ ਗਾਇਬ ਸੀ ਜੋ ਸਾਨੂੰ ਮਿਲਿਆ ਸੀ। ਇਸ ਤੋਂ ਪੁਲਿਸ ਨੂੰ ਪੁਸ਼ਟੀ ਹੋਈ ਕਿ ਹਾਦਸਾ ਇਸ ਗੱਡੀ ਨਾਲ ਹੋਇਆ ਹੈ। ਜਦੋਂ ਅਸੀਂ ਸੀਸੀਟੀਵੀ ਦੀ ਜਾਂਚ ਦਾ ਦਾਇਰਾ ਵਧਾਇਆ ਤਾਂ ਗੱਡੀ ਦਾ ਨੰਬਰ ਟਰੇਸ ਹੋ ਗਿਆ, ਜਿਸ ਨਾਲ ਦੋਸ਼ੀ ਦੀ ਪਛਾਣ ਹੋ ਗਈ। ਨੰਬਰ ਤੋਂ ਪਤਾ ਲੱਗਾ ਕਿ ਗੱਡੀ ਕਪੂਰਥਲਾ ਦੇ ਪਿੰਡ ਅਠੌਲੀ ਦੇ ਰਹਿਣ ਵਾਲੇ ਵਰਿੰਦਰ ਸਿੰਘ ਦੇ ਨਾਮ ‘ਤੇ ਰਜਿਸਟਰਡ ਹੈ। ਜਿਸ ਤੋਂ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਲਈ ਰਵਾਨਾ ਹੋਈਆਂ ਅਤੇ ਵਰਿੰਦਰ ਤੱਕ ਪਹੁੰਚੀ। ਵਰਿੰਦਰ ਸਿੰਘ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਕੈਨੇਡਾ ਤੋਂ ਆਏ ਇੱਕ ਐਨਆਰਆਈ ਅੰਮ੍ਰਿਤਪਾਲ ਸਿੰਘ ਢਿੱਲੋਂ ਨੇ ਆਪਣੀ ਕਾਰ ਖਰੀਦੀ ਸੀ।