114 ਸਾਲਾ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ ਮੁਲਜ਼ਮ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਕਰਤਾਰਪੁਰ ਦੇ ਦਾਸੂਪੁਰ ਪਿੰਡ ਦੇ ਰਹਿਣ ਵਾਲੇ NRI ਅੰਮ੍ਰਿਤਪਾਲ ਸਿੰਘ ਢਿੱਲੋਂ ਵਜੋਂ ਹੋਈ ਹੈ। ਅੰਮ੍ਰਿਤਪਾਲ ਸਿੰਘ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ। ਪੁਲਿਸ ਨੇ ਉਸ ਤੋਂ ਹਾਦਸੇ ਵਿਚ ਵਰਤੀ ਗਈ ਫਾਰਚੂਨਰ ਗੱਡੀ ਵੀ ਬਰਾਮਦ ਕਰ ਲਈ ਹੈ। ਰਾਤ ਨੂੰ ਉਸ ਨੂੰ ਥਾਣੇ ਭੋਗਪੁਰ ਵਿਚ ਲਿਜਾਇਆ ਗਿਆ ਸੀ ਜਿਥੋਂ ਉਸ ਤੋਂ ਪੁੱਛਗਿਛ ਕੀਤੀ ਗਈ ਤੇ ਅੱਜ ਉਸ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਜਲੰਧਰ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਵੱਲੋਂ ਬਣਾਈ ਗਈ ਟੀਮ ਨੇ ਕੁਝ ਗੱਡੀਆਂ ਲਿਸਟਆਊਟ ਕੀਤੀਆਂ ਸੀ। ਉਨ੍ਹਾਂ ਵਿਚੋਂ ਇਕ ਫਾਰਚੂਨਰ ਗੱਡੀ ਦੀ ਪਛਾਣ ਬੀਤੀ ਦੇਰ ਸ਼ਾਮ ਹੋ ਗਈ। ਨੰਬਰ ਤੋਂ ਪਤਾ ਲੱਗਾ ਕਿ ਗੱਡੀ ਕਪੂਰਥਲਾ ਦੇ ਅਠੌਲੀ ਪਿੰਡ ਦੇ ਰਹਿਣ ਵਾਲੇ ਵਰਿੰਦਰ ਸਿੰਘ ਦੇ ਨਾਂ ‘ਤੇ ਰਜਿਸਟਰਡ ਹੈ ਜਿਸ ਦੇ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਰਵਾਨਾ ਹੋਈਆਂ ਤੇ ਵਰਿੰਦਰ ਤੱਕ ਪਹੁੰਚੀਆਂ। ਵਰਿੰਦਰ ਸਿੰਘ ਤੋਂ ਪੁੱਛਗਿਛ ਵਿਚ ਪਤਾ ਲੱਗਾ ਕਿ ਕੈਨੇਡਾ ਤੋਂ ਆਏ ਇਕ NRI ਅੰਮ੍ਰਿਤਪਾਲ ਸਿੰਘ ਢਿੱਲੋਂ ਨੇ ਉਸ ਦੀ ਕਾਰ ਖਰੀਦੀ ਸੀ।
ਪੁਲਿਸ ਨੇ ਬੀਤੀ ਦੇਰ ਰਾਤ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਕੇ ਗੱਡੀ ਬਰਾਮਦ ਕਰ ਲਈ। ਹਾਦਸੇ ਦੇ ਬਾਅਦ ਅੰਮ੍ਰਿਤਪਾਲ ਸਿੱਧਾ ਆਪਣੇ ਪਿੰਡ ਦਾਸੂਪੁਰ ਗਿਆ ਸੀ। ਪੁੱਛਗਿਛ ਵਿਚ ਅੰਮ੍ਰਿਤਪਾਲ ਨੇ ਆਪਣਾ ਜ਼ੁਰਮ ਕਬੂਲ ਲਿਆ ਹੈ। ਅੰਮ੍ਰਿਤਪਾਲ ਨੇ ਦੱਸਿਆ ਕਿ ਉਹ ਮੁਕੇਰੀਆਂ ਸਾਈਡ ਤੋਂ ਆਪਣੇ ਫੋਨ ਵੇਚ ਕੇ ਆ ਰਿਹਾ ਸੀ। ਜਦੋਂ ਉਹ ਬਿਆਸ ਪਿੰਡ ਕੋਲ ਪਹੁੰਚਿਆ ਤਾਂ ਇਕ ਬਜ਼ੁਰਗ ਉਸ ਦੀ ਗੱਡੀ ਦੀ ਚਪੇਟ ਵਿਚ ਆ ਗਿਆ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਬਜ਼ੁਰਗ ਫੌਜਾ ਸਿੰਘ ਹੈ। ਪੁਲਿਸ ਨੇ BNS ਦੀ ਧਾਰਾ 281 ਤੇ 105 ਦੇ ਤਹਿਤ ਮਾਮਲਾ ਦਰਜ ਕੀਤਾ ਹੈ।




