ਲੁਧਿਆਣਾ, 3 ਅਗਸਤ : ਮੁੰਡੀਆਂ ਇਲਾਕੇ ਦੇ ਰਹਿਣ ਵਾਲਾ ਨੌਜਵਾਨ ਬੀਤੀ ਰਾਤ ਆਪਣੇ ਦੋਸਤਾਂ ਨਾਲ ਪਾਰਟੀ ਵਿੱਚ ਗਿਆ ਸੀ, ਪਰ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਨੌਜਵਾਨ ਨੇ ਮਰਨ ਤੋਂ ਪਹਿਲਾਂ ਆਪਣੀ ਮਾਸੀ ਨੂੰ ਫ਼ੋਨ ਦੱਸਿਆ ਕਿ ਉਹ ਅੱਜ ਰਾਤ ਘਰ ਨਹੀਂ ਆਵੇਗਾ। ਉਹ ਰਾਤ ਨੂੰ ਦੋਸਤਾਂ ਨਾਲ ਹੀ ਰੁਕੇਗਾ। ਦੇਰ ਰਾਤ ਉਸਦੇ ਇੱਕ ਦੋਸਤ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਉਸਦਾ ਲੜਕਾ ਖਾਲੀ ਪਲਾਟ ਵਿੱਚ ਬੇਹੋਸ਼ ਪਿਆ ਹੈ। ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਕੇ ਦੇਖਿਆ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮਰਨ ਵਾਲੇ ਨੌਜਵਾਨ ਦਾ ਨਾਂ ਸਚਿਨ ਹੈ।
ਜਾਣਕਾਰੀ ਦਿੰਦਿਆਂ ਸਚਿਨ ਦੇ ਮਾਸੜ ਉਦੈ ਕੁਮਾਰ ਨੇ ਦੱਸਿਆ ਕਿ ਸਚਿਨ ਪਿਛਲੇ ਢਾਈ ਸਾਲਾਂ ਤੋਂ ਉਹਨਾਂ ਦੇ ਨਾਲ ਰਹਿ ਰਿਹਾ ਸੀ। ਉਸਦੀ ਮਾਂ ਦੀ ਮੌਤ ਹੋ ਚੁੱਕੀ ਹੈ। ਬੀਤੀ ਰਾਤ ਉਸਦੇ ਦੋਸਤ ਅੰਕਿਤ ਅਤੇ ਦੀਪਕ ਉਸਨੂੰ ਇੱਕ ਪਾਰਟੀ ਵਿੱਚ ਲੈ ਗਏ ਸਨ। ਪਾਰਟੀ ‘ਚ ਜਾਣ ਤੋਂ ਬਾਅਦ ਸਚਿਨ ਨੇ ਆਪਣੀ ਮਾਸੀ ਧਰਮਸ਼ੀਲਾ ਦੇਵੀ ਨੂੰ ਫੋਨ ਕਰਕੇ ਦਸਿਆ ਕਿ ਉਹ ਸਵੇਰੇ ਘਰ ਆਵੇਗਾ। ਰਾਤ ਕਰੀਬ 1.30 ਵਜੇ ਸਚਿਨ ਦੇ ਦੋਸਤਾਂ ਦਾ ਫੋਨ ਆਇਆ। ਜਿਸ ਨੇ ਦੱਸਿਆ ਕਿ ਰਾਮ ਨਗਰ ਦੇ ਡੀਡੀ ਸਕੂਲ ਨੇੜੇ ਖਾਲੀ ਪਲਾਟ ਵਿੱਚ ਸਚਿਨ ਬੇਹੋਸ਼ ਪਿਆ ਸੀ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਸਚਿਨ ਦੀ ਲਾਸ਼ ਕੋਲ ਉਸ ਦੀਆਂ ਚੱਪਲਾਂ ਵੀ ਨਹੀਂ ਸਨ। ਉੱਥੇ ਪਾਣੀ ਦੀਆਂ ਦੋ ਖਾਲੀ ਬੋਤਲਾਂ ਪਈਆਂ ਸਨ। ਉਨ੍ਹਾਂ ਤੁਰੰਤ ਚੌਕੀ ਮੁੰਡੀਆਂ ਪੁਲੀਸ ਨੂੰ ਸੂਚਿਤ ਕੀਤਾ। ਸਚਿਨ ਨੂੰ ਸੁੰਦਰ ਨਗਰ ਨੇੜੇ ਇਕ ਪ੍ਰਾਈਵੇਟ ਡਾਕਟਰ ਕੋਲ ਲੈ ਕੇ ਗਏ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਸਚਿਨ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਦਿੱਤਾ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।